ਬ੍ਰਹਮੋਸ ਮਿਜ਼ਾਈਲ ਨਾਲ ਲੈਸ ਸੁਖੋਈ ਜੰਗੀ ਜਹਾਜਾਂ ਦੀ ਨਵੀਂ ਸਕੁਐਡਰਨ ਟਾਈਗਰ ਸ਼ਾਰਕਸ ਬਣਾਈ ਗਈ

172
ਸੁਖੋਈ ਲੜਾਕੂ (ਐੱਸਯੂ -30 ਐੱਮ ਕੇ ਆਈ) ਜੈੱਟ

ਦੱਖਣੀ ਭਾਰਤ ਦੇ ਤਮਿਲਨਾਡੂ ਰਾਜ ਦੇ ਤੰਜਾਵਰ ਵਿੱਚ ਭਾਰਤੀ ਹਵਾਈ ਸੈਨਾ ਦੇ ਬੇਸ ‘ਤੇ ਨਵਾਂ ਟਾਈਗਰ ਸ਼ਾਰਕਸ ਸਕੁਐਡਰਨ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ ਇਸ ਸਮੇਂ ਬ੍ਰਹਮੋਜ਼ ਮਿਜ਼ਾਈਲ ਨਾਲ ਲੈਸ 6 ਸੁਖੋਈ ਲੜਾਕੂ (ਐੱਸਯੂ -30 ਐੱਮ ਕੇ ਆਈ) ਜੈੱਟ ਹਨ। ਇਸ ਸਕੁਐਡਰਨ ਦੇ ਜ਼ਰੀਏ, ਭਾਰਤੀ ਫੌਜ ਨਾ ਸਿਰਫ ਹਿੰਦ ਮਹਾਂਸਾਗਰ ਖੇਤਰ ਦੇ ਦੋਵੇਂ ਪਾਸੇ ਭਾਵ ਪੂਰਬੀ ਅਤੇ ਪੱਛਮੀ ਦੀ ਬਿਹਤਰ ਨਿਗਰਾਨੀ ਕਰੇਗੀ, ਬਲਕਿ ਇਸ ਨੇ ਦੁਸ਼ਮਣ ਨੂੰ ਹਰ ਤਰ੍ਹਾਂ ਦੇ ਸਖ਼ਤ ਜਵਾਬ ਦੇਣ ਲਈ ਇੱਕ ਨਵੀਂ ਤਾਕਤ ਵੀ ਬਣਾਈ ਹੈ। ਸੁਖੋਈ ਅਤੇ ਬ੍ਰਹਮੋਸ ਮਿਜ਼ਾਈਲਾਂ ਦੀ ਜੁਗਲਬੰਦੀ ਸ਼ਕਤੀਸ਼ਾਲੀ ਅਤੇ ਖਤਰਨਾਕ ਹੈ।

ਸੁਖੋਈ ਲੜਾਕੂ (ਐੱਸਯੂ -30 ਐੱਮ ਕੇ ਆਈ) ਜੈੱਟ

ਨਵੇਂ ਟਾਈਗਰ ਸ਼ਾਰਕਸ ਸਕੁਐਡਰਨ ਦੇ ਗਠਨ ਅਤੇ ਸੁਖੋਈ ਦੀ ਤਾਇਨਾਤੀ ਲਈ ਹਵਾਈ ਸੈਨਾ ਦੀ ਰਿਵਾਇਤ ਅਨੁਸਾਰ ਇੱਥੇ ਇੱਕ ਵਿਸ਼ੇਸ਼ ਸਮਾਰੋਹ ਦਾ ਇੰਤਜਾਮ ਕੀਤਾ ਗਿਆ, ਜਿਸ ਵਿੱਚ ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਡਾ. ਜੀ. ਸਤੀਸ਼ ਰੈੱਡੀ ਅਤੇ ਇੰਡੀਅਨ ਏਅਰਫੋਰਸ ਦੇ ਚੀਫ ਮਾਰਸ਼ਲ ਆਰਕੇਐੱਸ ਭਦੋਰੀਆ ਵੀ ਮੌਜੂਦ ਸਨ। ਇੱਥੇ ਇੱਕ ਸ਼ਾਨਦਾਰ ਏਅਰ ਸ਼ੋਅ ਹੋਇਆ ਅਤੇ ਸੁਖੋਈ ਲੜਾਕੂ ਜਹਾਜ਼ਾਂ ਦਾ ਹਵਾਈ ਫੌਜ ਦੀਆਂ ਰਸਮਾਂ ਅਨੁਸਾਰ ਪਾਣੀ ਦੀ ਵਰਖਾ ਨਾਲ ਇਸ਼ਨਾਨ ਕਰਕੇ ਸਵਾਗਤ ਕੀਤਾ ਗਿਆ।

ਬ੍ਰਹਮੋਜ਼ ਮਿਜ਼ਾਈਲ

ਇੱਥੇ ਸਥਾਪਿਤ ਕੀਤੇ ਗਏ 222 ਸਕੁਐਡਰਨ ਦਾ ਨਾਂਅ ਟਾਈਗਰ ਸ਼ਾਰਕਸ ਰੱਖਿਆ ਗਿਆ ਹੈ ਜਿਸ ਦੇ ਸ਼ੁਰੂ ਵਿੱਚ 6 ਸੁਖੋਈ ਹਨ ਜਿਨ੍ਹਾਂ ਦੀ ਗਿਣਤੀ ਸਾਲ ਦੇ ਅੰਤ ਤੱਕ 18 ਹੋ ਜਾਵੇਗੀ। ਭਾਰਤੀ ਹਵਾਈ ਫੌਜ ਦੱਖਣੀ ਭਾਰਤ ਵਿੱਚ ਤਾਇਨਾਤ ਦੂਜੀ ਲੜਾਕੂ ਸਕੁਐਡਰਨ ਹੈ। ਇਸ ਤੋਂ ਪਹਿਲਾਂ, ਤਮਿਲਨਾਡੂ ਦੇ ਸੁਲੂਰ ਵਿੱਚ ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ) ਤੇਜਸ (ਐੱਮਕੇ. 1) ਨਾਲ ਲੈਸ 45 ਸਕੁਐਡਰਨ ਦਾ ਗਠਨ ਕੀਤਾ ਗਿਆ ਸੀ।

ਸੋਮਵਾਰ ਨੂੰ ਤੰਜਾਵਰ ਏਅਰ ਬੇਸ ਵਿਖੇ ਇੱਕ ਸਮਾਰੋਹ ਦੌਰਾਨ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਬ੍ਰਹਮੋਸ ਨਾਲ ਲੈਸ ਸੁਖੋਈ ਦੀ ਤਾਇਨਾਤੀ ਇੱਕ ‘ਗੇਮ ਚੇਂਜਰ’ ਵਰਗੀ ਹੈ। ਇਸ ਦੇ ਨਾਲ ਹੀ, ਏਆਈ ਚੀਫ ਮਾਰਸ਼ਲ ਭਾਦੋਰੀਆ ਨੇ ਕਿਹਾ ਕਿ ਤੰਜਾਵਰ ਰਣਨੀਤਕ ਮਹੱਤਤਾ ਦੇ ਨਜ਼ਰੀਏ ਤੋਂ ਬਹੁਤ ਵਿਸ਼ੇਸ਼ ਹੈ। ਇਸ ਦੌਰਾਨ ਰੱਖਿਆ ਮਾਹਰ ਕਹਿੰਦੇ ਹਨ ਕਿ ਇਹ ਤਾਇਨਾਤੀ ਹਿੰਦ ਮਹਾਂਸਾਗਰ ਦੇ ਖੇਤਰ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਚੀਨੀ ਜੰਗੀ ਜਹਾਜ਼ਾਂ ਦੀ ਆਵਾਜਾਈ ਅਕਸਰ ਇੱਥੇ ਸਮੁੰਦਰ ਵਿੱਚ ਮਿਲਦੀ ਹੈ।

ਬ੍ਰਹਮੋਸ ਮਿਜ਼ਾਈਲ:

ਸੁਖੋਈ ਫਾਈਟਰ (SU-30 MKI) ਨੂੰ ਬ੍ਰਹਮੋਸ ਮਿਜ਼ਾਈਲ ਦੇ ਜਿਸ ਹਵਾਈ ਐਡਿਸ਼ਨ ਨਾਲ ਲੈਸ ਕੀਤਾ ਗਿਆ ਹੈ, ਉਸ
ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਭਾਰ ਢਾਈ ਟਨ ਹੈ ਅਤੇ ਜੋ ਆਵਾਜ਼ ਨਾਲੋਂ ਤਿਗਣੀ ਰਫ਼ਤਾਰ ਨਾਲ ਜਾਂਦੀ ਹੈ। ਇਹ ਦੁਨੀਆ ਦੀ ਸਭ ਤੋਂ ਤੇਜ਼ ਗਤੀ ਵਾਲੀ ਮਿਜ਼ਾਈਲ ਹੈ ਜੋ ਪਾਣੀ, ਧਰਤੀ ਅਤੇ ਹਵਾ ਤੋਂ ਵੀ ਚਲਾਈ ਜਾ ਸਕਦੀ ਹੈ, ਕਿਉਂਕਿ ਇਹ ਘੱਟ ਉਚਾਈ ‘ਤੇ ਵੀ ਤੇਜ਼ ਰਫਤਾਰ ਨਾਲ ਜਾਂਦੀ ਹੈ, ਇਸ ਲਈ ਦੁਸ਼ਮਣ ਦਾ ਰਾਡਾਰ ਵੀ ਇਸ ਦੀ ਆਵਾਜਾਈ ‘ਤੇ ਨਜ਼ਰ ਨਹੀਂ ਰੱਖ ਪਾਉਂਦੀ, ਯਾਨੀ ਇਸ ਵਿੱਚ ਦੁਸ਼ਮਣ ਦੀ ਅੱਖ ਤੋਂ ਬਚ ਕੇ ਨਿਸ਼ਾਨਾ ਬਣਾਉਣ ਦੀ ਸ਼ਕਤੀ ਵੀ ਹੈ। ਭਾਰਤ ਅਤੇ ਰੂਸ ਨੇ ਸਾਂਝੇ ਤੌਰ ‘ਤੇ ਬ੍ਰਹਮੋਸ ਮਿਜ਼ਾਈਲ ਬਣਾਈ ਹੈ। ਇਸ ਦੇ ਨਾਂਅ ਦਾ ਪਹਿਲਾ ਹਿੱਸਾ ‘ਬ੍ਰਹਮ’ ਹੈ, ਜੋ ਭਾਰਤ ਵਿੱਚ ਬ੍ਰਹਮਪੁੱਤਰ ਨਦੀ ਦੇ ਨਾਂਅ ਅਤੇ ਆਖਰੀ ਭਾਗ ‘ਮੋਸ’ ਰੂਸ ਦੀ ਮੋਸਕਵਾ ਨਦੀ ਤੋਂ ਲਿਆ ਗਿਆ ਹੈ, ਜਿਸ ਦੇ ਮੂੰਹ ‘ਤੇ ਮਾਸਕੋ ਸ਼ਹਿਰ ਸਥਿਤ ਹੈ।

ਭਾਰਤ ਨੇ ਟ੍ਰਾਇਲ ਦੇ ਤਹਿਤ ਸੁਖੋਈ ਤੋਂ ਪਹਿਲੀ ਵਾਰ ਬ੍ਰਹਮੋਸ ਮਿਜਾਈਲ 2017 ਵਿੱਚ ਬੰਗਾਲ ਦੀ ਖਾੜੀ ਵਿੱਚੋਂ ਨਿਸ਼ਾਨੇ ਲਈ ਚਲਾਈ ਸੀ ਅਤੇ ਦੂਜੀ ਵਾਰ 2019 ਵਿੱਚ ਪ੍ਰੀਖਣ ਕੀਤਾ ਗਿਆ ਸੀ।