ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਗ੍ਰੀਸ ਦੇ 4 ਦਿਨਾਂ ਦੌਰੇ ‘ਤੇ ਹਨ

5
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ

ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ 26 ਤੋਂ 29 ਸਤੰਬਰ 2024 ਤੱਕ ਗ੍ਰੀਸ ਦੇ ਚਾਰ ਦਿਨਾਂ ਸਰਕਾਰੀ ਦੌਰੇ ‘ਤੇ ਹਨ। ਇਹ ਦੌਰਾ ਭਾਰਤ ਅਤੇ ਗ੍ਰੀਸ ਦਰਮਿਆਨ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਜਲ ਸੈਨਾ ਸਹਿਯੋਗ ਨੂੰ ਵਧਾਉਣ ‘ਤੇ ਧਿਆਨ ਦਿੱਤਾ ਗਿਆ ਹੈ।

 

ਜਲ ਸੈਨਾ ਮੁਖੀ ਇਸ ਦੌਰੇ ਦੌਰਾਨ ਗ੍ਰੀਸ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਦੇ ਤਹਿਤ ਉਹ ਉਪ ਰੱਖਿਆ ਮੰਤਰੀ ਇਓਨਿਸ ਕੇਫਾਲੋਗਿਆਨਿਸ, ਹੇਲੇਨਿਕ ਨੇਵੀ ਜਨਰਲ ਸਟਾਫ (ਐੱਚਜੀਐੱਨਐੱਸ) ਦੇ ਚੀਫ਼ ਵਾਈਸ ਐਡਮਿਰਲ ਦਿਮਿਤਰੀਓਸ ਈ ਕਟਾਰਸ, ਹੈਲੇਨਿਕ ਨੈਸ਼ਨਲ ਡਿਫੈਂਸ ਜਨਰਲ ਸਟਾਫ਼ ਦੇ ਡਿਪਟੀ ਚੀਫ਼ ਵਾਈਸ ਐਡਮਿਰਲ ਕ੍ਰਿਸਟੋਸ ਪਾਸਿਆਕੋਸ ਨਾਲ ਮੁਲਾਕਾਤ ਕਰਨਗੇ।

 

ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਰੱਖਿਆ ਸਹਿਯੋਗ, ਖਾਸ ਤੌਰ ‘ਤੇ ਸਮੁੰਦਰੀ ਸੁਰੱਖਿਆ, ਸਾਂਝੀ ਸਿਖਲਾਈ ਪਹਿਲਕਦਮੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਾਲੇ ਭਵਿੱਖ ਦੇ ਸੰਚਾਲਨ ਸਹਿਯੋਗ ਦੀਆਂ ਸੰਭਾਵਨਾਵਾਂ ਅਤੇ ਹੋਰ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ।

 

ਆਪਣੀ ਫੇਰੀ ਦੇ ਹਿੱਸੇ ਵਜੋਂ, ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਹੇਲੇਨਿਕ ਨੇਵਲ ਫਲੀਟ ਬੇਸ ਸਲਾਮਿਸ ਬੇਅ ਅਤੇ ਹੇਲੇਨਿਕ ਨੇਵਲ ਅਕੈਡਮੀ ਦਾ ਦੌਰਾ ਕਰਨਗੇ। ਹੇਲੇਨਿਕ ਨੇਵੀ ਨੇ ਭਾਰਤੀ ਜਲ ਸੈਨਾ ਮੁਖੀ ਨੂੰ ਪ੍ਰਦਰਸ਼ਨਾਂ ਅਤੇ ਇਸ ਦੀਆਂ ਜਲ ਸੈਨਾ ਸੰਪਤੀਆਂ ਦੇ ਦੌਰੇ ਰਾਹੀਂ ਗ੍ਰੀਸ ਦੀ ਜਲ ਸੈਨਾ ਸਮਰੱਥਾ ਅਤੇ ਸਿਖਲਾਈ ਦੇ ਤਰੀਕਿਆਂ ਤੋਂ ਜਾਣੂ ਕਰਵਾਉਣ ਦੀ ਵੀ ਯੋਜਨਾ ਬਣਾਈ ਹੈ।

 

ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਦੌਰਾ ਭਾਰਤ ਅਤੇ ਗ੍ਰੀਸ ਦਰਮਿਆਨ ਮਜਬੂਤ ​​ਜਲ ਸੈਨਾ ਸਬੰਧਾਂ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸਾਂਝੀਆਂ ਮਸ਼ਕਾਂ, ਬੰਦਰਗਾਹ ਦੇ ਦੌਰੇ ਅਤੇ ਸਮਰੱਥਾ ਉਸਾਰੀ ਪਹਿਲਕਦਮੀਆਂ ਸ਼ਾਮਲ ਹਨ। ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਇਸ ਫੇਰੀ ਨਾਲ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਾਲੇ ਦੋਸਤੀ ਅਤੇ ਸਹਿਯੋਗ ਨੂੰ ਬੜ੍ਹਾਵਾ ਮਿਲਣ ਦੀ ਉਮੀਦ ਹੈ, ਜਿਸ ਨਾਲ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਵਧੇਗਾ।