ਤੇਜਸ ਚ ਉਡਾਨ ਦੌਰਾਨ ਈਂਧਨ ਭਰਨ ਦਾ ਟੈਸਟ ਕਾਮਯਾਬ

716
ਤੇਜਸ
ਤੇਜਸ ਵਿੱਚ ਹਵਾ ਵਿੱਚ ਹੀ ਈਂਧਨ ਭਰਨ ਦਾ ਟੈਸਟ ਪੂਰਾ ਕਰਨ ਭਾਰਤੀ ਹਵਾਈ ਫੌਜ ਨੇ ਰਚਿਆ ਇਤਿਹਾਸ

ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੇ ਜ਼ਬਰਦਸਤ ਹਵਾਬਾਜ਼ੀ ਦੀ ਹੁਨਰ ਦਿਖਾਉਂਦੇ ਹੋਏ ਇੱਕ ਹੋਰ ਚੁਣੌਤੀਆਂ ਨਾਲ ਭਰਿਆ ਮਿਸ਼ਨ ਪੂਰਾ ਕਰਦੇ ਹੋਏ ਛੋਟੇ ਲੜਾਕੂ ਹਵਾਈ ਜਹਾਜ਼ ਤੇਜਸ ਵਿੱਚ ਉਡਾਨ ਦੌਰਾਨ ਆਸਮਾਨ ਵਿੱਚ ਈਧਨ ਭਰਨ ਦਾ ਡ੍ਰਾਇ ਰਨ ਕੀਤਾ। ਇਸ ਛੋਟੇ ਲੜਾਕੂ ਹਵਾਈ ਜਹਾਜ਼ ਦੇ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ, ਆਸਮਾਨ ਵਿੱਚ ਇਸ ਵਿੱਚ ਈਧਨ ਭਰਨ ਦਾ ਇਹ ਪਹਿਲਾ ਟ੍ਰਾਇਲ ਰਨ ਸੀ ਜੋ ਕਾਮਯਾਬ ਰਿਹਾ। ਭਾਰਤ ਵਿੱਚ ਉਚੇਚੇ ਤੌਰ ‘ਤੇ ਮੋਡੀਫਾਈ ਕੀਤੇ ਇਸ ਹਵਾਈ ਜਹਾਜ਼ ਵਿੱਚ ਈਂਧਨ ਭਰਨ ਦਾ ਕੰਮ ਰੂਸ ਵਿੱਚ ਬਣੇ ਟੈਂਕਰ ਵਿਮਾਨ IL 78 MKI ਜ਼ਰੀਏ ਕੀਤਾ ਗਿਆ। ਅਸਲ ਵਿੱਚ ਈਧਨ ਤਾਂ ਨਹੀਂ ਭਰਿਆ ਗਿਆ ਪਰ ਉਹ ਪੂਰੀ ਪ੍ਰਕਿਰਿਆ ਅਪਣਾਈ ਗਈ ਜੋ ਈਂਧਨ ਭਰਨ ਵੇਲੇ ਹੁੰਦੀ ਹੈ।

ਬੀਤੇ ਮੰਗਲਵਾਰ ਨੂੰ ਕੀਤੇ ਇਸ ਪ੍ਰਯੋਗ ਤਹਿਤ ਟੈਂਕਰ ਨੇ ਆਗਰਾ ਬੇਸ ਤੋਂ ਉਡਾਨ ਭਰੀ ਜਦਕਿ ਤੇਜਸ ਨੇ ਗਵਾਲੀਅਰ ਬੇਸ ਤੋਂ ਪਰਵਾਜ਼ ਲਈ ਸੀ। ਆਸਮਾਨ ਵਿੱਚ ਟੈਂਕਰ ਤੋਂ ਤੇਜਸ ਵਿੱਚ ਈਂਧਨ ਭਰਨ ਦੀ ਪ੍ਰਕਿਰਿਆ ‘ਤੇ ਨਜ਼ਦੀਕ ਨਾਲ ਨਜ਼ਰ ਰੱਖਣ ਲਈ ਦੂਜੇ ਤੇਜਸ ਹਵਾਈ ਜਹਾਜ਼ ਨੂੰ ਤਾਇਨਾਤ ਕੀਤਾ ਗਿਆ ਸੀ। ਟੈਂਕਰ ਅਤੇ ਤੇਜਸ ਵਿਚਾਲੇ ਉਹ ਕਨੈਕਸ਼ਨ ਸਥਾਪਿਤ ਕਰ ਲਿਆ ਗਿਆ ਜੋ ਈਂਧਨ ਪਹੁੰਚਾਉਣ ਲਈ ਕੀਤਾ ਜਾਂਦਾ ਹੈ। ਆਸਮਾਨ ਵਿੱਚ ਇਸ ਤਰੀਕੇ ਦੇ ਟ੍ਰਾਇਲ ਤੋਂ ਤਿੰਨ ਮਹੀਨੇ ਪਹਿਲਾਂ ਇਸ ਨਾਲ ਹਵਾ ਤੋਂ ਹਵਾ ਵਿੱਚ ਦਿਖਾਈ ਨਾ ਦੇਣ ਵਾਲੇ ਟਾਰਗੇਟ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਲਗਾਉਣ ਲਈ ਟੈਸਟ ਕੀਤਾ ਗਿਆ।

ਤੇਜਸ
ਭਾਰਤੀ ਹਵਾਈ ਫੌਜ ਵੱਲੋਂ 40 ਤੇਜਸ ਖਰੀਦਣ ਦਾ ਆਡਰ ਦਿੱਤਾ ਜਾ ਚੁੱਕਾ ਹੈ

ਤੇਜਸ ਨੂੰ ਆਖਰੀ ਮਨਜ਼ੂਰੀ ਮਿਲਣ ਦੇ ਨਜ਼ਰੀਏ ਨਾਲ ਇਸ ਵਿੱਚ ਉਡਾਨ ਦੌਰਾਨ ਆਸਮਾਨ ਵਿੱਚ ਈਂਧਨ ਭਰਨ ਦੀ ਕਾਬਲੀਅਤ ਅਤੇ ਹੁਨਰ ਦਾ ਹੋਣਾ ਜ਼ਰੂਰੀ ਹੈ ਇਸ ਲਈ ਟਾਇਲ ਤੇਜਸ ਲਈ ਇਹ ਬੇਹਦ ਅਹਿਮੀਅਤ ਰੱਖਦਾ ਹੈ। ਉਡਾਨ ਦੌਰਾਨ ਈਂਧਨ ਟ੍ਰਾਂਸਫਰ ਕਰਨ ਦਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਕਈ ਵਾਰ, ਏਅਰੋਨੌਟਿਕਸ ਡੈਵਲਪਮੈਂਟ ਏਜੰਸੀ ਨੇ ਇਹ ਕਵਾਇਦ ਜ਼ਮੀਨ ‘ਤੇ ਵੀ ਕਰਕੇ ਦੇਖੀ ਸੀ। ਇਸ ਦੇ ਲਈ ਗਵਾਲੀਅਰ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਸੀ। ਪੂਰੀ ਪ੍ਰਕਿਰਿਆ ਦੌਰਾਨ, ਤੈਅ ਪੈਮਾਨਿਆਂ ਦੀ ਤੁਲਨਾ ਵਿੱਚ ਹਾਸਿਲ ਕੀਤੇ ਨਤੀਜਿਆਂ ਦੀ ਪੜਤਾਲ ਕਰਨ ਦੇ ਮਕਸਦ ਨਾਲ ਲਾਈਵ ਸੂਚਨਾਵਾਂ ਵੀ ਕੰਟਰੋਲ ਰੂਮ ਨੂੰ ਮਿਲ ਰਹੀਆਂ ਸਨ।

ਇਸ ਤਰੀਕੇ ਦੇ 9 ਟ੍ਰਾਇਲ ਹੋਣੇ ਹਨ ਅਤੇ ਇਨ੍ਹਾਂ ਵਿੱਚ ਕਈ ਟ੍ਰਾਇਲ ਅਜਿਹੇ ਹੋਣਗੇ ਜਿਨ੍ਹਾਂ ਦੌਰਾਨ ਅਸਲ ਵਿੱਚ ਟੈਂਕਰ ਨਾਲ ਤੇਜਸ ਵਿੱਚ ਈਂਧਨ ਭਰਿਆ ਜਾਵੇਗਾ। ਲੜਾਕੂ ਹਵਾਈ ਜਹਾਜ਼ ਵਿੱਚ ਇਸ ਤਰੀਕੇ ਦਾ ਗੁਣ ਹੋਣਾ ਉਸ ਦੀ ਸ਼ਕਤੀ ਅਤੇ ਮਿਸ਼ਨ ਪੂਰੀ ਕਰਨ ਦੀ ਕਾਬਲੀਅਤ ਵਿੱਚ ਵਾਧਾ ਕਰਦਾ ਹੈ।

ਭਾਰਤੀ ਹਵਾਈ ਫੌਜ ਵੱਲੋਂ 40 ਤੇਜਸ ਹਵਾਈ ਜਹਾਜ਼ਾਂ ਦੀ ਖਰੀਦ ਦਾ ਆਡਰ ਦਿੱਤਾ ਜਾ ਚੁੱਕਾ ਹੈ। ਇਸ ਦੇ ਇਲਾਵਾ ਲਗਪਗ 50 ਹਜ਼ਾਰ ਕਰੋੜ ਰੁਪਏ ਵਿੱਚ 83 ਤੇਜਸ ਹੋਰ ਖਰੀਦਣ ਦੀ ਅਰਜ਼ੀ ਹਿੰਦੁਸਤਾਨ ਐਰੋਨੌਟਿਕਲ ਲਿਮਿਟਿਡ ਨੂੰ ਭੇਜੀ ਜਾ ਚੁੱਕੀ ਹੈ।