
ਭਾਰਤ ਵਿੱਚ ਬਣਿਆ ਹਲਕਾ ਲੜਾਕੂ ਹੈਲੀਕਾਪਟਰ ‘ਪ੍ਰਚੰਡ’ ਹੁਣ ਭਾਰਤੀ ਹਵਾਈ ਸੈਨਾ ਦੇ ਹਵਾਈ ਬੇੜੇ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਰਸਮੀ ਪ੍ਰੋਗਰਾਮ ਦੌਰਾਨ ‘ਪ੍ਰਚੰਡ’ ਨੂੰ ਫੌਜ ਦਾ ਹਿੱਸਾ ਬਣਾਇਆ ਗਿਆ। ਇਸ ਮੌਕੇ ਮੌਜੂਦ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਲਕੇ ਲੜਾਕੂ ਹੈਲੀਕਾਪਟਰ ਵਿੱਚ ਉਡਾਣ ਭਰੀ। ਪ੍ਰਚੰਡ ਨੂੰ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ।

‘ਪ੍ਰਚੰਡ’ ਹੈਲੀਕਾਪਟਰ ਨੂੰ ਜਨਤਕ ਖੇਤਰ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ ਵੱਲੋਂ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤੀ ਹਵਾਈ ਸੈਨਾ ‘ਚ ‘ਪ੍ਰਚੰਡ’ ਦਾ ਆਉਣਾ ਨਾ ਸਿਰਫ਼ ਹਵਾਈ ਸੈਨਾ ਦੀ ਲੜਾਕੂ ਸ਼ਕਤੀ ਨੂੰ ਵਧਾਉਣ ਵਾਲਾ ਹੈ, ਸਗੋਂ ਇਸ ਦਾ ਨਿਰਮਾਣ ਰੱਖਿਆ ਉਤਪਾਦ ਖੇਤਰ ਦੀ ਉਸਾਰੀ ਵਿੱਚ ਭਾਰਤ ਦੀ ਆਤਮ-ਨਿਰਭਰਤਾ ਵਧਾਉਣ ਵੱਲ ਇਕ ਵੱਡਾ ਕਦਮ ਹੈ।
ਜੋਧਪੁਰ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਨਵ-ਨਿਯੁਕਤ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ, ਦੱਖਣ-ਪੱਛਮੀ ਕਮਾਂਡ ਦੇ ਕਮਾਂਡਿੰਗ ਅਫ਼ਸਰ ਏਅਰ ਮਾਰਸ਼ਲ ਵਿਕਰਮ ਸਿੰਘ ਅਤੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦੇ ਚੇਅਰਮੈਨ ਸੀਬੀ ਅਨੰਤਕ੍ਰਿਸ਼ਨਨ ਅਤੇ ਕਈ ਅਧਿਕਾਰੀ, ਰੱਖਿਆ ਮੰਤਰਾਲੇ ਦੇ ਆਲਾ ਅਧਿਕਾਰੀ ਅਤੇ ਕਈ ਹੋਰ ਪਤਵੰਤੇ ਸ਼ਾਮਲ ਹੋਏ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੀ ਅੰਦਰੂਨੀ ਅਤੇ ਸਰਹੱਦੀ ਸੁਰੱਖਿਆ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਐੱਲਸੀਐੱਚ ਦੀਆਂ ਖੂਬੀਆਂ ਦਾ ਜ਼ਿਕਰ ਕਰਦੇ ਹੋਏ, ਰਾਜਨਾਥ ਸਿੰਘ ਨੇ ਕਿਹਾ ਕਿ ਇਹ ਵੱਖ-ਵੱਖ ਕਿਸਮਾਂ ਦੇ ਆਪਰੇਸ਼ਨਾਂ ਲਈ ਲੋੜੀਂਦੀਆਂ ਪੱਧਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਿਆਰ ਨੂੰ ਪੂਰਾ ਕਰਦਾ ਹੈ। ਪ੍ਰਚੰਡ ਇੱਕ ਹੈਲੀਕਾਪਟਰ ਹੈ ਜੋ ਆਧੁਨਿਕ ਜੰਗ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ ਕਿ ਉਹ ਆਪਣੀ ਰੱਖਿਆ ਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੋਲਾ ਬਾਰੂਦ ਨੂੰ ਇਕੋ ਸਮੇਂ ਜੰਗ ਦੇ ਮੈਦਾਨ ਵਿਚ ਪਹੁੰਚਾ ਸਕਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਭਾਰਤ ‘ਚ ਅਜਿਹਾ ਹੈਲੀਕਾਪਟਰ ਬਣਾਉਣ ਬਾਰੇ ਸੋਚਿਆ ਨਹੀਂ ਗਿਆ, ਜਿਸ ਦੀ ਵਰਤੋਂ ਹਮਲੇ ਲਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਹੈਲੀਕਾਪਟਰ ਦੀ ਲੋੜ 1999 ਦੀ ਕਾਰਗਿਲ ਜੰਗ ਤੋਂ ਹੀ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਵਿਕਸਤ ਕਰਨ ਅਤੇ ਬਣਾਉਣ ਲਈ ਪਿਛਲੇ 20 ਸਾਲਾਂ ਦੀ ਸਖ਼ਤ ਮਿਹਨਤ ਰਹੀ।

ਪ੍ਰਚੰਡ ਦੀਆਂ ਖੂਬੀਆਂ ਬਾਰੇ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਕਿਹਾ ਕਿ ਇਸ ਨਾਲ ਹਵਾਈ ਫੌਜ ਦੀ ਲੜਨ ਦੀ ਵਿਲੱਖਣ ਸਮਰੱਥਾ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪਰਿਵਰਤਨ ਅਤੇ ਹਮਲਾ ਕਰਨ ਦੀ ਸ਼ਕਤੀ ਦੇ ਮਾਮਲੇ ਵਿੱਚ ਦੁਨੀਆ ਭਰ ਵਿੱਚ ਵਰਤੇ ਜਾ ਰਹੇ ਹੈਲੀਕਾਪਟਰਾਂ ਦੇ ਬਰਾਬਰ ਜਾਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਨਵੀਂ ਬਣੀ 143 ਹੈਲੀਕਾਪਟਰ ਯੂਨਿਟ ਇਸ ਹੈਲੀਕਾਪਟਰ ਦਾ ਸੰਚਾਲਨ ਕਰੇਗੀ ਜਿਸ ਵਿੱਚ ਉੱਚ ਪੱਧਰੀ ਪੇਸ਼ੇਵਰ ਸਮਰੱਥਾ ਵਾਲੇ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ।
LCH ‘ਪ੍ਰਚੰਡ’ S ਭਾਰਤ ਵਿੱਚ HAL ਵੱਲੋਂ ਨਿਰਮਿਤ ਪਹਿਲਾ ਮਲਟੀ-ਰੋਲ ਲੜਾਕੂ ਹੈਲੀਕਾਪਟਰ ਹੈ। ਇਸ ਵਿੱਚ ਜ਼ਮੀਨ ਅਤੇ ਅਸਮਾਨ ਵਿਚ ਜੰਗ ਲੜਨ ਦੀ ਸ਼ਕਤੀ ਹੈ ਅਤੇ ਇਹ ਰਾਤ ਨੂੰ ਵੀ ਹਮਲਾ ਕਰ ਸਕਦਾ ਹੈ।