ਏਸੀਆਈ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਪ੍ਰੀਤੀ ਰਾਜਕ ਨੇ ਵੀ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਆਪਣੀ ਥਾਂ ਬਣਾ ਲਈ ਹੈ। ਪ੍ਰੀਤੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਸੂਬੇਦਾਰ ਬਣ ਗਈ ਹੈ। ਹੁਣ ਤੱਕ ਪ੍ਰੀਤੀ ਰਜਕ ਮਿਲਟਰੀ ਪੁਲਿਸ ਵਿੱਚ ਬਤੌਰ ਹੌਲਦਾਰ ਤਾਇਨਾਤ ਸੀ। ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਦੇ ਮੱਦੇਨਜ਼ਰ ਪ੍ਰੀਤੀ ਰਜਕ ਨੂੰ ਹੁਣ ਸੂਬੇਦਾਰ ਵਜੋਂ ਤਰੱਕੀ ਦਿੱਤੀ ਗਈ ਹੈ।
ਨਿਸ਼ਾਨੇਬਾਜ਼ ਪ੍ਰੀਤੀ ਰਜਕ ਨੂੰ ਆਪਣੀ ਵਾਰੀ ਤੋਂ ਪਹਿਲਾਂ ਤੱਰਕੀ ਦਿੱਤੇ ਜਾਣ ਦੀ ਸੂਚਨਾ ਦੇ ਨਾਲ ਹੀ ਭਾਰਤੀ ਫੌਜ ਨੇ ਅਧਿਕਾਰਤ ਤੌਰ ‘ਤੇ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ‘ਚ ਸੀਨੀਅਰ ਅਧਿਕਾਰੀ ਉਸ ਨੂੰ ਸੂਬੇਦਾਰ ਦਾ ਰੈਂਕ ਲਾ ਰਹੇ ਹਨ।
ਫੌਜ ਮੁਤਾਬਿਕ, ਪ੍ਰੀਤੀ ਰਜਕ ਨੂੰ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਤਰੱਕੀ ਦਿੱਤੀ ਗਈ ਹੈ। ਉਹ 22 ਦਸੰਬਰ 2022 ਨੂੰ ਮਿਲਟਰੀ ਪੁਲਿਸ ਕੋਰ ਵਿੱਚ ਇੱਕ ਹੋਣਹਾਰ ਖਿਡਾਰੀ ਵਜੋਂ ਭਾਰਤੀ ਫੌਜ ਵਿੱਚ ਸ਼ਾਮਲ ਹੋਈ ਸੀ।
ਸੂਬੇਦਾਰ ਪ੍ਰੀਤੀ ਰਾਜਕ, ਜੋ ਮਊ, ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਮੌਜੂਦਾ ਸਮੇਂ ਦੌਰਾਨ ਟ੍ਰੈਪ ਮਹਿਲਾ ਮੁਕਾਬਲੇ ਵਿੱਚ ਭਾਰਤ ਵਿੱਚ 6ਵੇਂ ਸਥਾਨ ‘ਤੇ ਹੈ ਅਤੇ ਪੈਰਿਸ ਓਲੰਪਿਕ ਖੇਡਾਂ 2024 ਦੀਆਂ ਤਿਆਰੀਆਂ ਵਿੱਚ ਆਰਮੀ ਮਾਰਕਸਮੈਨਸ਼ਿਪ ਯੂਨਿਟ (AMU) ਵਿੱਚ ਸਿਖਲਾਈ ਲੈ ਰਹੀ ਹੈ। ਇੱਥੇ ਹੀ ਸੂਬੇਦਾਰ ਦੀ ਫੀਤਾ ਲਾਉਣ (Pipping Ceremony) ਪੀਪਿੰਗ ਦੀ ਰਸਮ ਹੋਈ, ਜਿਸ ਦੀ ਪ੍ਰਧਾਨਗੀ ਲੈਫਟੀਨੈਂਟ ਜਨਰਲ ਗਜੇਂਦਰ ਜੋਸ਼ੀ ਨੇ ਕੀਤੀ।
ਪ੍ਰੀਤੀ ਰਜਕ ਬਾਰੇ ਫੌਜ ਨੇ ਕਿਹਾ, “ਖੇਡਾਂ ਦੇ ਖੇਤਰ ਵਿੱਚ ਉਸਦੀ ਪ੍ਰੇਰਣਾਦਾਇਕ ਯਾਤਰਾ ਸਮਰਪਣ ਅਤੇ ਸਖ਼ਤ ਮਿਹਨਤ ਦੀ ਇੱਕ ਉਦਾਹਰਣ ਹੈ, ਜਿਸ ਨੇ ਦੇਸ਼ ਦੀਆਂ ਬਹੁਤ ਸਾਰੀਆਂ ਚਾਹਵਾਨ ਮੁਟਿਆਰਾਂ ਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ।”
21 ਸਤੰਬਰ ਤੋਂ 1 ਅਕਤੂਬਰ, 2023 ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ 19ਵੀਆਂ ਏਸ਼ੀਆਈ ਖੇਡਾਂ 2023 ਦੌਰਾਨ ਪ੍ਰੀਤੀ ਰਜਕ ਨੇ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸ ਦੇ ਬੇਮਿਸਾਲ ਪ੍ਰਦਰਸ਼ਨ ਦੇ ਆਧਾਰ ‘ਤੇ, ਪ੍ਰੀਤੀ ਨੂੰ ਪਹਿਲੀ ਵਾਰ ਸਮੇਂ ਤੋਂ ਪਹਿਲਾਂ ਤਰੱਕੀ ਦਿੱਤੀ ਗਈ। ਆਮ ਤੌਰ ‘ਤੇ ਸਿਪਾਹੀਆਂ ਨੂੰ 18-20 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਤਰੱਕੀ ਕਾਡਰ ਅਤੇ ਜੂਨੀਅਰ ਲੀਡਰਾਂ ਦੀ ਯੋਗਤਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਵਜੋਂ ਤਰੱਕੀ ਦਿੱਤੀ ਜਾਂਦੀ ਹੈ।
ਭਾਰਤੀ ਫੌਜ ਦੀ ਮਿਲਟਰੀ ਪੁਲਿਸ ਕੋਰ ਵਿੱਚ ਸਿਪਾਹੀ ਵਜੋਂ ਔਰਤਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਸਿਪਾਹੀ ਨੂੰ ਫੌਜ ਵਿੱਚ ਜੇਸੀਓ ਵਜੋਂ ਤਰੱਕੀ ਦਿੱਤੀ ਗਈ ਹੈ।