ਅਫਰੀਕਾ, ਯੂਰਪ ਅਤੇ ਰੂਸ ਵਿੱਚ ਤਾਇਨਾਤੀ ਤੋਂ ਪਹਿਲਾਂ INS Tarkash ਮੋਜਾਂਬਿਕ ਪਹੁੰਚਿਆ

90
ਆਈਐੱਨਐੱਸ ਤਰਕਸ਼ (ਫਾਈਲ ਫੋਟੋ)

ਭਾਰਤੀ ਸਮੁੰਦਰੀ ਫੌਜ ਵੱਲੋਂ ਅਫਰੀਕਾ, ਯੂਰਪ ਅਤੇ ਰੂਸ ਵਿੱਚ ਕੀਤੀ ਜਾਣ ਵਾਲੀ ਤਾਇਨਾਤੀ ਦੇ ਤਹਿਤ ਭਾਰਤੀ ਸਮੁੰਦਰੀ ਫੌਜ ਦਾ ਜਹਾਜ਼ ਤਰਕਸ਼ (INS Tarkash) ਬੁੱਧਵਾਰ ਨੂੰ ਤਿੰਨ ਦਿਨਾਂ ਦੀ ਫੇਰੀ ‘ਤੇ ਮੋਜਾਂਬਿਕ ਦੀ ਰਾਜਧਾਨੀ ਮਾਪੁਟੋ ਪਹੁੰਚਿਆ। ਕੈਪਟਨ ਸਤੀਸ਼ ਵਾਸੂਦੇਵ ਦੀ ਕਮਾਨ ਵਿੱਚ ਆਈਐੱਨਐੱਸ ਤਰਕਸ਼ ਭਾਰਤੀ ਸਮੁੰਦਰੀ ਫੌਜ ਦਾ ਇਕ ਤਾਕਤਵਰ ਫ੍ਰੰਟਲਾਈਨ ਬੇੜਾ ਹੈ, ਜੋ ਹਥਿਆਰਾਂ ਅਤੇ ਸੈਂਸਰਾਂ ਦੀ ਬਹੁ-ਉਪਯੋਗੀ ਰੇਂਜ ਨਾਲ ਲੈਸ ਹੈ।

ਆਈਐੱਨਐੱਸ ਤਰਕਸ਼ ਭਾਰਤੀ ਸਮੁੰਦਰੀ ਫੌਜ ਦੇ ਪੱਛਮੀ ਬੇੜੇ ਦਾ ਅੰਗ ਹੈ। ਇਹ ਮੁੰਬਈ ਵਿੱਚ ਪੱਛਮੀ ਸਮੁੰਦਰੀ ਫੌਜ ਕਮਾਨ ਦੇ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਦੀ ਆਪਰੇਸ਼ਨਲ ਕਮਾਂਡ ਵਿੱਚ ਹੈ।

ਇਸ ਪੋਰਟ ਕੌਲ ਦੇ ਦੌਰਾਨ ਕਮਾਂਡਿੰਗ ਆਫਿਸਰ ਮੋਜਾਂਬਿਕ ਸੁਰੱਖਿਆ ਦਸਤਿਆਂ ਦੇ ਚੀਫ ਆਫ ਜਨਰਲ ਸਟਾਫ, ਮੋਜਾਂਬਿਕ ਦੀ ਸਮੁੰਦਰੀ ਫੌਜ ਦੇ ਕਮਾਂਡਰ ਸਮੇਤ ਮੋਜਾਂਬਿਕ ਸਰਕਾਰ ਦੀਆਂ ਵੱਖ-ਵੱਖ ਮੰਨੀਆਂ-ਪਰਮੰਨੀਆਂ ਹਸਤੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਨਗੇ। ਭਾਰਤ ਅਤੇ ਮੋਜਾਂਬਿਕ ਦੀਆਂ ਸਮੁੰਦਰੀ ਫੌਜਾਂ ਵਿਚਾਲੇ ਸਹਿਯੋਗ ਵਧਾਉਣ ਲਈ ਤਿਜਾਰਤੀ ਵਿਚਾਰ-ਵਟਾਂਦਰੇ ਦਾ ਇੰਤਜਾਮ ਕੀਤੇ ਜਾਣ ਦੀ ਯੋਜਨਾ ਹੈ। ਇਸਦੇ ਇਲਾਵਾ ਦੋ ਮੁਲਕਾਂ ਦੀਆਂ ਸਮੁੰਦਰੀ ਫੌਜਾਂ ਵਿਚਾਲੇ ਸਮਾਜਿਕ ਰਾਬਤਾ, ਖੇਡ ਇੰਤਜਾਮ ਅਤੇ ਬਿਹਤਰੀਨ ਪ੍ਰਣਾਲੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਇਸ ਬੇੜੇ ‘ਤੇ ਦਰਸ਼ਕਾਂ ਲਈ ਵੀ ਦਾਖਲੇ ਦੀ ਇਜਾਜ਼ਤ ਮਿਲੇਗੀ।

ਰੱਖਿਆ ਮੰਤਰਾਲੇ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੋਜਾਂਬਿਕ ਅਤੇ ਭਾਰਤ ਵਿਚਾਲੇ ਰਵਾਇਤੀ ਤੌਰ ‘ਤੇ ਹੋਰ ਮਜਬੂਤ ਅਤੇ ਦੋਸਤਾਨਾ ਦਵਲੇ ਸਬੰਧ ਰਹੇ ਹਨ ਅਤੇ ਇਹ ਲੋਕਰਾਜ, ਵਿਕਾਸ ਅਤੇ ਧਰਮ-ਨਿਰਪੇਖਤਾ ਦੇ ਸਮਾਨ ਕੀਮਤਾਂ ਨੂੰ ਸਾਂਝਾ ਕਰਦੇ ਹਨ। ਦੋਵੇਂ ਮੁਲਕਾਂ ਵਿਚਾਲੇ ਕਈ ਖਿੱਤਿਆਂ ਵਿੱਚ ਰੈਗੁਲਰ ਤੌਰ ‘ਤੇ ਉੱਚ-ਪੱਧਰੀ ਅਦਾਨ-ਪ੍ਰਦਾਨ ਅਤੇ ਸੰਪਰਕ ਹੁੰਦੇ ਰਹਿੰਦੇ ਹਨ। ਰੈਗੁਲਰ ਸੰਯੁਕਤ ਰੱਖਿਆ ਕਾਰਜਸਮੂਹ (ਜੇਡੀਡਬਲਿਊ) ਮੀਟਿੰਗਾਂ ਰਾਹੀਂ ਦਵਲੇ ਰੱਖਿਆ ਸਹਿਯੋਗ ਵੱਧਾ ਰਿਹਾ ਹੈ।

ਭਾਰਤੀ ਸਮੁੰਦਰੀ ਫੌਜ ਦੀ ਪਹਿਲੀ ਟ੍ਰੇਨਿੰਗ ਸਕੁਐਡਰਨ ਦੇ ਬੇੜੇ ਸੁਜਾਤਾ, ਸ਼ਾਰਦੁਲ, ਮਗਰ ਅਤੇ ਆਈਸੀਜੀਐੱਸ ਸਾਰਥੀ ਨੇ ਇਸੇ ਸਾਲ ਮਾਰਚ ਵਿੱਚ ਬੀਰਾ ਵਿੱਚ ਪੋਰਟ ਕੌਲ ਕੀਤੀ ਸੀ ਅਤੇ ਚੱਕਰਵਾਤ ‘ਇਡਾਈ’ ਦੇ ਬਾਅਦ ਉੱਥੋਂ ਦੇ ਲੋਕਾਂ ਨੂੰ ਮਨੁੱਖੀ ਇਮਦਾਦ ਅਤੇ ਆਪਦਾ ਰਾਹਤ (ਐੱਚਏਡੀਆਰ) ਪਹੁੰਚਾਈ ਸੀ।

ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ‘ਦੋਸਤੀ ਦੇ ਪੁਲ’ ਅਤੇ ਮਿੱਤਰ ਦੇਸ਼ਾਂ ਦੇ ਨਾਲ ਕੌਮਾਂਤਰੀ ਸਹਿਯੋਗ ਮਜਬੂਤ ਬਣਾਉਣ ਲਈ ਭਾਰਤੀ ਸਮੁੰਦਰੀ ਫੌਜ ਦੇ ਮਿਸ਼ਨ ਦੇ ਤਹਿਤ ਭਾਰਤੀ ਸਮੁੰਦਰੀ ਫੌਜ ਦੇ ਬੇੜੇ ਰੈਗੁਲਰ ਤੌਰ ‘ਤੇ ਵਿਦੇਸ਼ਾਂ ਵਿੱਚ ਤਾਇਨਾਤ ਕੀਤੇ ਜਾਂਦੇ ਰਹੇ ਹਨ।