ਭਾਰਤੀ ਫੌਜ ਦੀ ਜੱਜ ਐਡਵੋਕੇਟ ਜਨਰਲ ਸ਼ਾਖਾ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। 21 ਤੋਂ 27 ਸਾਲ ਦੀ ਉਮਰ ਦੇ ਅਣਵਿਆਹੇ ਨੌਜਵਾਨ (ਲੜਕੇ ਅਤੇ ਲੜਕੀਆਂ) ਇਸ ਲਈ ਅਪਲਾਈ ਕਰ ਸਕਦੇ ਹਨ। ਇਹ ਜ਼ਰੂਰੀ ਹੈ ਕਿ ਬਿਨੈਕਾਰ ਨੇ ਘੱਟੋ-ਘੱਟ 55% ਅੰਕਾਂ ਨਾਲ ਐੱਲਐੱਲਬੀ ਪਾਸ ਕੀਤਾ ਹੋਵੇ ਅਤੇ ਬਾਰ ਕੌਂਸਲ ਆਫ਼ ਇੰਡੀਆ ਵਿੱਚ ਰਜਿਸਟ੍ਰੇਸ਼ਨ ਲਈ ਯੋਗ ਹੋਣਾ ਚਾਹੀਦਾ ਹੈ। ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ 16 ਫਰਵਰੀ ਹੈ। ਇਹ ਭਰਤੀ ਬ੍ਰਾਂਚ ਦੇ 31ਵੇਂ ਕੋਰਸ ਲਈ ਹੈ ਜੋ ਅਕਤੂਬਰ 2023 ਵਿੱਚ ਸ਼ੁਰੂ ਹੋਵੇਗਾ।
ਇਸ ਅਹੁਦੇ ਲਈ ਬਿਨੈਕਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਕੋਈ ਵੀ ਨੇਪਾਲੀ ਵੀ ਅਪਲਾਈ ਕਰਨ ਦੇ ਯੋਗ ਹੈ। ਭਾਰਤੀ ਮੂਲ ਦੇ ਜਿਹੜੇ ਨੌਜਵਾਨ ਪਾਕਿਸਤਾਨ, ਮਿਆਂਮਾਰ, ਸ੍ਰੀਲੰਕਾ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਜਿਵੇਂ ਕੀਨੀਆ, ਯੂਗਾਂਡਾ, ਤਨਜ਼ਾਨੀਆ, ਜਾਂਬੀਆ, ਮਲਾਵੀ, ਜ਼ੇਅਰ ਅਤੇ ਇਥੋਪੀਆ, ਵੀਅਤਨਾਮ ਤੋਂ ਹਨ, ਉਹ ਵੀ ਫ਼ੌਜ ਦੀ ਜੱਜ ਐਡਵੋਕੇਟ ਜਨਰਲ ਸ਼ਾਖਾ ਲਈ ਅਪਲਾਈ ਕਰ ਸਕਦੇ ਹਨ ਅਤੇ ਭਾਰਤ ਵਿੱਚ ਪੱਕੇ ਤੌਰ ‘ਤੇ ਵਸਣ ਦਾ ਇਰਾਦਾ ਰੱਖਦੇ ਹੋਣ। ਕੁੱਲ ਮਿਲਾ ਕੇ 9 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 6 ਮਰਦਾਂ ਅਤੇ 3 ਔਰਤਾਂ ਲਈ ਹਨ। ਬਿਨੈਕਾਰ ਦੀ ਭਰਤੀ ਯੋਗ ਉਮਰ ਉਪਰੋਕਤ 1 ਜੁਲਾਈ 2023 ਦੇ ਅਨੁਸਾਰ ਦੇਖੀ ਜਾਵੇਗੀ ਭਾਵ ਉਹ 2 ਜੁਲਾਈ 1996 ਅਤੇ 1 ਜੁਲਾਈ 2002 ਦੇ ਵਿਚਕਾਰ ਜਾਂ ਇਨ੍ਹਾਂ ਮਿਤੀਆਂ ਨੂੰ ਪੈਦਾ ਹੋਇਆ ਸੀ। ਉਮਰ ਦਾ ਆਧਾਰ 10ਵੀਂ ਜਮਾਤ ਦਾ ਸਰਟੀਫਿਕੇਟ ਹੋਵੇਗਾ।
ਚੁਣੇ ਜਾਣ ‘ਤੇ ਬਿਨੈਕਾਰ ਨੂੰ 49 ਹਫ਼ਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਆਫਿਸਰਜ਼ ਟ੍ਰੇਨਿੰਗ ਅਕੈਡਮੀ, ਚੇੱਨਈ ਵਿੱਚ ਕਰਵਾਈ ਜਾਵੇਗੀ, ਜਿਸ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਓਟੀਐੱਸ ਵਿੱਚ ਸਿਖਲਾਈ ਦੌਰਾਨ ਹਰ ਮਹੀਨੇ 56 ਹਜ਼ਾਰ ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ। ਜੇਕਰ ਕਿਸੇ ਨਿੱਜੀ ਕਾਰਨ ਕਰਕੇ ਸਿਖਲਾਈ ਅੱਧ-ਵਿਚਾਲੇ ਛੱਡ ਦਿੱਤੀ ਜਾਂਦੀ ਹੈ, ਤਾਂ ਬਿਨੈਕਾਰ (ਕੈਡਿਟ) ਨੂੰ ਇਸ ਦੀ ਭਰਪਾਈ ਕਰਨੀ ਪਵੇਗੀ ਅਤੇ ਸਰਕਾਰ ਨੂੰ ਪੈਸੇ ਵਾਪਸ ਕਰਨੇ ਪੈਣਗੇ। ਫੌਜ ਵਿੱਚ ਕਮਿਸ਼ਨ ਲੈਣ ਤੋਂ ਪਹਿਲਾਂ 6 ਮਹੀਨੇ ਦਾ ਪ੍ਰੋਬੇਸ਼ਨਰੀ ਪੀਰੀਅਡ ਹੋਵੇਗਾ। ਲੈਫਟੀਨੈਂਟ ਦਾ ਰੈਂਕ ਕਮਿਸ਼ਨਿੰਗ ‘ਤੇ, ਕੈਪਟਨ ਨੂੰ 2 ਸਾਲ ਦੀ ਸੇਵਾ ਪੂਰੀ ਹੋਣ ‘ਤੇ, ਮੇਜਰ ਨੂੰ 6 ਸਾਲ ਦੀ ਸੇਵਾ ਪੂਰੀ ਹੋਣ ‘ਤੇ, ਲੈਫਟੀਨੈਂਟ ਕਰਨਲ ਨੂੰ 13 ਸਾਲ ਬਾਅਦ ਅਤੇ ਕਰਨਲ (ਟੀ. ਐੱਸ.) ਦਾ ਰੈਂਕ 26 ਸਾਲ ਦੀ ਸੇਵਾ ਤੋਂ ਬਾਅਦ ਦਿੱਤਾ ਜਾਵੇਗਾ। ਹੋਰ ਅਸਾਮੀਆਂ ਜਿਵੇਂ ਕਰਨਲ, ਬ੍ਰਿਗੇਡੀਅਰ ਆਦਿ ਨੂੰ ਸੇਵਾ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਚੋਣ ਦੇ ਆਧਾਰ ‘ਤੇ ਤਰੱਕੀ ਦਿੱਤੀ ਜਾਵੇਗੀ।
ਇਸ ਬਾਰੇ ਹੋਰ ਵੇਰਵੇ ਅਤੇ ਕੋਰਸ ਵਿੱਚ ਭਰਤੀ, ਸਿਖਲਾਈ ਆਦਿ ਨਾਲ ਸਬੰਧਿਤ ਜਾਣਕਾਰੀ ਫੌਜ ਦੀ ਅਧਿਕਾਰਤ ਵੈੱਬਸਾਈਟ www.joinindianarmy.nic.in ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।