‘ਭਾਰਤ ਮਾਤਾ ਤੇਰੀ ਕਸਮ ….ਤੇਰੇ ਰਕਸ਼ਕ ਬਨੇਂਗੇ ਹਮ …’ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਦੇ ਗਾਣੇ ‘ਤੇ ਮਾਰਚ ਕਰਦੇ ਜੈਂਟਲਮੈਨ ਕੈਡੇਟਸ ਜਦੋਂ ਦੇਹਰਾਦੂਨ ਦੇ ਆਈ.ਐੱਮ.ਏ. ਦੇ ਡਰਿੱਲ ਸਕੁਏਅਰ ‘ਤੇ ਪਹੁੰਚੇ ਤਾਂ ਲੱਗਿਆ ਕਿ ਵੀਰ ਜਵਾਨਾਂ ਦਾ ਹੜ੍ਹ ਜਿਹਾ ਆ ਗਿਆ ਹੈ। ਇੱਕਸਾਰਤਾ ਨਾਲ ਉੱਠਦੇ ਕਦਮ ਅਤੇ ਬਾਹਾਂ, ਉਸ ‘ਤੇ ਮਾਣ ਚੌੜੀਆਂ ਛਾਤੀਆਂ ਦਰਸ਼ਕਾਂ ਦੀ ਗੈਲਰੀ ਵਿੱਚ ਬੈਠੇ ਹਰੇਕ ਸ਼ਖ਼ਸ ਦੇ ਅੰਦਰ ਇੱਕ ਵੱਖਰੀ ਕਿਸਮ ਦਾ ਜੋਸ਼ ਪੈਦਾ ਕਰ ਰਹੇ ਸਨ।
ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਵਿੱਚ ਆਖਰੀ ਕਦਮ ਭਰਦਿਆਂ ਹੀ 341 ਨੌਜਵਾਨ ਕੈਡੇਟ ਭਾਰਤੀ ਫੌਜ ਦਾ ਹਿੱਸਾ ਬਣ ਗਏ। ਇਸ ਦੇ ਨਾਲ ਹੀ 84 ਵਿਦੇਸ਼ੀ ਕੈਡਿਟ ਵੀ ਪਾਸ ਆਊਟ ਹੋਏ। ਕੁੱਲ ਮਿਲਾ ਕੇ ਜੋ 425 ਕੈਡੇਟ ਇਸ ਕੋਰਸ ਵਿੱਚ ਪਾਸ ਹੋਏ ਉਨ੍ਹਾਂ ਵਿੱਚ 148 ਰੈਗੂਲਰ ਅਤੇ 131 ਟੀਜੀਸੀ ਕੋਰਸ ਵਾਲੇ ਸਨ। ਇਸਦੇ ਨਾਲ ਹੀ, 9 ਮਿੱਤਰ ਦੇਸ਼ਾਂ ਦੇ 84 ਕੈਡਿਟ ਵੀ ਇਸ ਵਿੱਚ ਸ਼ਾਮਲ ਸਨ।
ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ (ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼) ਲੈਫਟੀਨੈਂਟ ਜਨਰਲ ਆਰ ਪੀ ਸਿੰਘ ਨੇ ਇਸ ਸ਼ਾਨਦਾਰ ਪਰੇਡ ਦੀ ਸਲਾਮੀ ਲਈ ਜੋ ਕਿ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ 19 ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਸੀ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਸ ਆਊਟ ਕੈਡੇਟਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੌਕੇ ਨਹੀਂ ਸੱਦਿਆ ਗਿਆ ਸੀ।
ਰਵਾਇਤੀ ਤਰੀਕੇ ਨਾਲ ਮਾਰਕਰ ਕੌਲ ਦੇ ਨਾਲ ਪਰੇਡ ਦਾ ਆਗਾਜ਼ ਹੋਇਆ। ਕੰਪਨੀ ਸਾਰਜੈਂਟਸ ਮੇਜਰ ਜੈਦੀਪ ਸਿੰਘ, ਸ਼ਿਵਜੀਤ ਸਿੰਘ ਸੰਧੂ, ਪੀਡੀ ਸ਼ੇਰਪਾ, ਰਾਹੁਲ ਥਾਪਾ, ਸਾਕਸ਼ਮ ਗੋਸਵਾਮੀ ਅਤੇ ਜਿਤੇਂਦਰ ਸਿੰਘ ਸ਼ੇਖਾਵਤ ਡ੍ਰਿਲ ਸਕੁਏਅਰ ਵਿਖੇ ਆਪਣੀ ਸੀਟ ‘ਤੇ ਬੈਠ ਗਏ। ਠੀਕ 8:01 ਮਿੰਟ ‘ਤੇ ਇੱਕ ਅਗਾਊਂ ਕੌਲ ਨਾਲ ਹੀ ਛਾਟੀ ਚੌੜੀ ਕਰਦੇ ਮੁਲਕ ਦੇ ਭਵਿੱਖ ਦੇ ਕਪਤਾਨ ਨੂੰ ਅਤਿ ਆਤਮ-ਵਿਸ਼ਵਾਸ ਨਾਲ ਭਰੇ ਕਦਮ ਵਧਾਉਂਦੇ ਹੋਏ ਮਾਰਚ ਕਰਨ ਪਹੁੰਚੇ। ਫਿਰ ਇਸ ਤੋਂ ਬਾਅਦ ਪਰੇਡ ਦੇ ਕਮਾਂਡਰ ਦੀਪਕ ਸਿੰਘ ਨੇ ਆਪਣੀ ਜਗ੍ਹਾ ਡ੍ਰਿਲ ਸਕੁਏਅਰ ਵਿਖੇ ਲਈ। ਦਰਸ਼ਕਾਂ ਦੀ ਗੈਲਰੀ ਵਿੱਚ ਬੈਠਾ ਹਰ ਕੋਈ ਕੈਡੇਟਾਂ ਦੇ ਸ਼ਾਨਦਾਰ ਮਾਰਚਪਾਸਟ ਨੂੰ ਵੇਖ ਕਿਲਿਆ ਗਿਆ।
ਇਸ ਮੌਕੇ ਲੈਫਟੀਨੈਂਟ ਆਰਪੀ ਜਨਰਲ ਸਿੰਘ ਨੇ ਕੈਡਿਟਾਂ ਨੂੰ ਓਵਰਆਲ ਸਰਬੋਤਮ ਕਾਰਗੁਜ਼ਾਰੀ ਅਤੇ ਹੋਰ ਸ਼ਾਨਦਾਰ ਸਨਮਾਨ ਭੇਟ ਕੀਤੇ। ਮੁਕੇਸ਼ ਕੁਮਾਰ ਨੂੰ ਸਵੋਰਡ ਆਫ ਆਨਰ ਪ੍ਰਦਾਨ ਕੀਤੀ ਗਈ, ਜੋ ਕਿ ਇੱਥੇ ਆਉਣ ਵਾਲੇ ਹਰ ਕੈਡੇਟ ਦਾ ਸਭ ਤੋਂ ਵੱਡਾ ਸੁਪਨਾ ਹੈ। ਇਸ ਮੌਕੇ ਦੀਪਕ ਸਿੰਘ ਨੇ ਸੋਨ, ਮੁਕੇਸ਼ ਕੁਮਾਰ ਨੇ ਚਾਂਦੀ ਅਤੇ ਲਵਨੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਦਕਸ਼ ਕੁਮਾਰ ਪੰਤ ਨੇ ਸਿਲਵਰ ਮੈਡਲ (ਟੀਜੀ) ਜਿੱਤੀ। ਕਿਨਲੇ ਨੋਰਬੂ ਨੂੰ ਸਰਬੋਤਮ ਵਿਦੇਸ਼ੀ ਕੈਡੇਟ ਚੁਣਿਆ ਗਿਆ। ਇਸ ਵਾਰ ਚੀਫ਼ ਆਫ਼ ਆਰਮੀ ਸਟਾਫ ਦਾ ਬੈਨਰ ਡੋਗਰੇਈ ਕੰਪਨੀ ਨੂੰ ਮਿਲਿਆ।
ਪਾਸਿੰਗ ਆਊਟ ਸਮਾਰੋਹ ਦੌਰਾਨ ਆਈਐੱਮਏ ਕਮਾਂਡੈਂਟ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ, ਡਿਪਟੀ ਕਮਾਂਡੈਂਟ ਮੇਜਰ ਜਨਰਲ ਜਗਜੀਤ ਸਿੰਘ ਮਾਂਗਟ ਸਮੇਤ ਕਈ ਫੌਜੀ ਅਧਿਕਾਰੀ ਮੌਜੂਦ ਸਨ। ਪਰੇਡ ਤੋਂ ਬਾਅਦ, ਸਜਾਵਟ ਅਤੇ ਸਹੁੰ ਚੁੱਕਣ ਦੀ ਰਸਮ ਹੋਈ। ਇਸ ਦੇ ਨਾਲ ਹੀ 425 ਜੈਂਟਲਮੈਨ ਕੈਡੇਟਸ ਬਤੌਰ ਲੈਫਟੀਨੈਂਟ ਵਜੋਂ ਦੇਸ਼ ਅਤੇ ਵਿਦੇਸ਼ ਦੀਆਂ ਫੌਜਾਂ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ। ਇਨ੍ਹਾਂ ਵਿੱਚੋਂ 341 ਨੌਜਵਾਨ ਫੌਜੀ ਅਧਿਕਾਰੀ ਭਾਰਤੀ ਜ਼ਮੀਨੀ ਫੌਜ ਨੂੰ ਮਿਲੇ।