ਅਸਾਮ ਵਿੱਚ ਤਾਇਨਾਤ ਭਾਰਤੀ ਫੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਅਮਰਿੰਦਰ ਸਿੰਘ ਵਾਲੀਆ ਨੂੰ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ 36 ਸਾਲਾ ਵੰਦਨਾਸ਼੍ਰੀ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਵੰਦਨਾਸ਼੍ਰੀ ਦੀ ਲਾਸ਼ 15 ਫਰਵਰੀ ਨੂੰ ਕਾਮਰੂਪ ਜ਼ਿਲ੍ਹੇ ਵਿੱਚ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਵਾਲੀਆ ਨੇ ਵੰਦਨਾਸ਼੍ਰੀ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ, ਜੋ ਉਸ ਦੀ ਦੋਸਤ ਸੀ।
ਲੈਫਟੀਨੈਂਟ ਕਰਨਲ ਵਾਲੀਆ ਅਸਾਮ ਦੇ ਤੇਜ਼ਪੁਰ ਵਿਖੇ ਭਾਰਤੀ ਫੌਜ ਦੀ ਚੌਥੀ ਕੋਰ ਦੇ ਹੈੱਡਕੁਆਰਟਰ ਵਿੱਚ ਪੀਆਰਓ ਵਜੋਂ ਤਾਇਨਾਤ ਸਨ। ਮਹਿਲਾ ਵੰਦਨਾਸ੍ਰੀ ਚੇੱਨਈ ਤੋਂ ਵਾਰਾਣਸੀ ਅਤੇ ਫਿਰ ਦਿੱਲੀ ਪਹੁੰਚੀ ਸੀ। ਕਾਮਰੂਪ ਜ਼ਿਲ੍ਹੇ ਦੇ ਪੁਲਿਸ ਸੁਪਰਿੰਟੈਂਡੈਂਟ ਹਿਤੇਸ਼ ਚੰਦਰ ਰਾਏ ਦਾ ਕਹਿਣਾ ਹੈ ਕਿ ਉਹ ਲੈਫਟੀਨੈਂਟ ਕਰਨਲ ਅਮਰਿੰਦਰ ਸਿੰਘ ਵਾਲੀਆ ਨੂੰ ਮਿਲਣ ਲਈ 14 ਫਰਵਰੀ ਨੂੰ ਰੇਲ ਗੱਡੀ ਰਾਹੀਂ ਦਿੱਲੀ ਤੋਂ ਗੁਹਾਟੀ ਆਇਆ ਸੀ। ਅਮਰਿੰਦਰ ਵਾਲੀਆ ਗੁਹਾਟੀ ਰੇਲਵੇ ਸਟੇਸ਼ਨ ਦੇ ਪਲਟਨ ਬਾਜ਼ਾਰ ‘ਤੇ ਮਹਿਲਾ ਨੂੰ ਲੈਣ ਆਇਆ ਸੀ, ਜਿਸ ਰਾਤ ਲਾਸ਼ ਮਿਲੀ ਉਸ ਤੋਂ ਪਿਛਲੇ ਦਿਨ ਦੋਵੇਂ ਚਾਂਗਸਾਰੀ ਦੇ ਰਸਤੇ ਤੇਜ਼ਪੁਰ ਵੱਲ ਜਾ ਰਹੇ ਸਨ। ਇਸ ਸਬੰਧੀ ਹੋਰ ਤੱਥ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ।
ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਨਾਲ ਉਸਦੀ 4 ਸਾਲ ਦੀ ਧੀ ਵੀ ਸੀ, ਜੋ ਪੱਛਮੀ ਬੰਗਾਲ ਦੇ ਹਾਵੜਾ ਤੋਂ ਬਰਾਮਦ ਹੋਈ ਹੈ। ਉੱਥੇ ਉਸ ਨੂੰ ਅਮਰਿੰਦਰ ਵਾਲੀਆ ਨੇ 21 ਫਰਵਰੀ ਤੱਕ ਰੱਖਿਆ। ਹਾਵੜਾ ਪੁਲਿਸ ਨੇ ਲੜਕੀ ਨੂੰ ਬਰਾਮਦ ਕਰਨ ਤੋਂ ਬਾਅਦ ਕਾਮਰੂਪ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਵੰਦਨਾਸ਼੍ਰੀ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਲੈਫਟੀਨੈਂਟ ਕਰਨਲ ਵਾਲੀਆ ਅਤੇ ਵੰਦਨਾਸ਼੍ਰੀ ਇੱਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਵਿਚਾਲੇ ਸਬੰਧ ਸਨ।
ਜਦੋਂ 15 ਫਰਵਰੀ ਨੂੰ ਔਰਤ ਦੀ ਲਾਸ਼ ਮਿਲੀ ਸੀ, ਉਸੇ ਦਿਨ ਆਸਾਮ ਪੁਲਿਸ ਨੇ ਸ਼ਨਾਖਤ ਲਈ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਸੀ। ਮਹਿਲਾ ਨੇ ਜੋ ਲਾਕੇਟ ਆਪਣੇ ਗਲੇ ‘ਚ ਪਾਇਆ ਹੋਇਆ ਸੀ, ਉਸ ਤੋਂ ਵੀ ਪਤਾ ਲੱਗਦਾ ਹੈ ਕਿ ਮਹਿਲਾ ਦੱਖਣੀ ਭਾਰਤ ਦੀ ਹੈ। ਲੈਫਟੀਨੈਂਟ ਕਰਨਲ ਵਾਲੀਆ ਨੂੰ ਸ਼ਨੀਵਾਰ ਸਵੇਰੇ ਅਦਾਲਤ ‘ਚ ਪੇਸ਼ ਕੀਤਾ ਗਿਆ।