ਭਾਰਤੀ ਹਵਾਈ ਫੌਜ ਦਾ ਹਾਲ ਹੀ ਵਿੱਚ ਮੁੜ ਸੰਚਾਲਿਤ ‘ਤੇਜ ਅਤੇ ਨਿਡਰ’ ਮਾਟੋ ਵਾਲੀ 18ਵੀਂ ਸਕੁਐਡਰਨ ਨੂੰ ਹਾਲੀਆ ਸਮੇਂ ਦੌਰਾਨ ਚੌਥੀ ਪੀੜ੍ਹੀ ਦੇ ਹਲਕੇ ਲੜਾਕੂ ਜਹਾਜ਼ ਐੱਮਕੇ 1 ਤੇਜਸ ਨਾਲ ਲੈਸ ਕੀਤਾ ਗਿਆ ਹੈ। ਇਹ ਉਹੀ ਸਕੁਐਡਰਨ ਹੈ ਜਿਸ ਨੂੰ ‘ਫਲਾਇੰਗ ਬੁਲੇਟਸ’ ਕਿਹਾ ਜਾਂਦਾ ਹੈ ਜਿਸਦਾ ਹਿੱਸਾ ਫਲਾਇੰਗ ਅਧਿਕਾਰੀ ਨਿਰਮਲ ਜੀਤ ਸਿੰਘ ਸੇਖੋਂ ਸਨ, ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤੀ ਹਵਾਈ ਫੌਜ ਨੂੰ ਹੁਣ ਤੱਕ ਸਿਰਫ਼ ਇੱਕ ਪਰਮਵੀਰ ਚੱਕਰ ਮਿਲਿਆ ਹੈ ਅਤੇ ਇਸੇ ਸਕੁਐਡਰਨ ਨੇ ਹਾਸਲ ਕਰਵਾਇਆ ਸੀ।
ਬੁੱਧਵਾਰ ਨੂੰ ਤਾਮਿਲਨਾਡੂ ਦੇ ਸੁਲੂਰ ਵਿੱਚ ਇੱਕ ਸਮਾਗਮ ਦੌਰਾਨ ਸਰਵ ਧਰਮ ਪ੍ਰਾਰਥਨਾ ਅਤੇ ਨਾਰੀਅਲ ਤੋੜਨ ਦੀ ਰਸਮ ਦੇ ਨਾਲ ਬਹੁ-ਮੰਤਵੀ ਜੰਗੀ ਜਹਾਜ਼ ਤੇਜਸ ਨੂੰ 18 ਸਕੁਐਡਰਨ ਵਿੱਚ ਸ਼ਾਮਲ ਕੀਤਾ ਗਿਆ, ਜੋ ਕਿ ਯਕੀਨਨ ਭਾਰਤ ਦੀ ਹਵਾਈ ਫੌਜ ਦੀ ਤਾਕਤ ਵਧਾਉਣ ਲਈ ਇੱਕ ਹੋਰ ਕਦਮ ਮੰਨਿਆ ਜਾ ਰਿਹੈ। ਇੱਕ ਇੰਜਣ ਨਾਲਾ ਹਲਕਾ ਲੜਾਕੂ ਜਹਾਜ਼ ਤੇਜਸ ਬੇਹੱਦ ਤੇਜ਼ ਰਫਤਾਰ ਵਾਲਾ ਹਵਾਈ ਜਹਾਜ਼ ਹੈ ਜੋ ਹਰ ਮੌਸਮ ਵਿੱਚ ਵੱਖ ਵੱਖ ਭੂਮਿਕਾਵਾਂ ਨਿਭਾਉਣ ਦੇ ਸਮਰੱਥ ਹੈ, ਜਿਸ ਵਿੱਚ ਉਡਾਣ ਦੇ ਦੌਰਾਨ ਅਸਮਾਨ ਵਿੱਚ ਵੀ ਫਿਊਲ ਭਰਿਆ ਜਾ ਸਕਦਾ ਹੈ। ਪ੍ਰੋਗਰਾਮ ਦੌਰਾਨ ਵੱਖ ਵੱਖ ਜਹਾਜ਼ਾਂ ਦੀ ਫੋਰਮੇਸ਼ਨ ਦੇ ਨਾਲ ਇੱਕ ਸ਼ਾਨਦਾਰ ਫਲਾਈ ਪਾਸਟ ਵੇਖਣ ਨੂੰ ਮਿਲਿਆ।
ਭਾਰਤੀ ਹਵਾਈ ਫੌਜ ਦੇ ਚੀਫ, ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ 18 ਸਕੁਐਡਰਨ ਦਾ ਸੰਚਾਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਮੌਕੇ 45ਵੇਂ ਸਕੁਐਡਰਨ ਦੇ ਤੇਜਸ ਜਹਾਜ਼ ਵਿੱਚ ਵੀ ਉਡਾਣ ਭਰੀ। ਇਸ ਸਮਾਰੋਹ ਵਿੱਚ ਸਾਊਥ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਏਅਰ ਮਾਰਸ਼ਲ ਅਮਿਤ ਤਿਵਾੜੀ, 18 ਸਕੁਐਡਰਨ ਦੇ ਕਮੋਡੋਰ ਕਮਾਂਡੈਂਟ ਏਅਰ ਮਾਰਸ਼ਲ ਟੀਡੀ ਜੋਸਫ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਸੀਐੱਮਡੀ ਆਰ ਮਧਵਨ ਤੋਂ ਇਲਾਵਾ ਐੱਚਏਐੱਲ ਅਤੇ ਹੋਰ ਹਵਾਈ ਫੌਜ ਦੇ ਅਧਿਕਾਰੀ ਹਾਜਰ ਸਨ। ਰਸਮ ਦੇ ਤੌਰ ‘ਤੇ ਤੇਜਸ ਜਹਾਜ਼ ਦੇ ਕਾਗਜ਼ਾਤ ਐੱਚਏਐੱਲ ਦੇ ਸੀਐੱਮਡੀ ਆਰ ਮਾਧਵਨ ਵੱਲੋਂ ਏਅਰ ਸਟਾਫ ਏਅਰ ਮਾਰਸ਼ਲ ਆਰ ਕੇ ਐੱਸ ਭਦੌਰੀਆ ਨੂੰ ਦਿੱਤੇ ਅਤੇ ਮਾਰਸ਼ਲ ਭਦੌਰੀਆ ਨੇ ਉਨ੍ਹਾਂ ਕਾਗਜ਼ਾਂ ਦੇ ਨਾਲ ਜਹਾਜ਼ ਦੀਆਂ ਚਾਬੀਆਂ ਵੀ 18 ਸਕਵਾਡ੍ਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਮਨੀਸ਼ ਤੋਲਾਨੀ ਨੂੰ ਸੌਂਪੀਆਂ।
18 ਵੀਂ ਸਕੁਐਡਰਨ 15 ਅਪ੍ਰੈਲ 1965 ਨੂੰ ਅੰਬਾਲਾ (ਮੌਜੂਦਾ ਹਰਿਆਣਾ) ਵਿਖੇ ਫੋਲੈਂਡ ਨੈਟ (Folland Gnat )
ਦੇ ਨਾਂਅ ਨਾਲ ਗਠਿਤ ਕੀਤਾ ਗਿਆ ਸੀ। ਫਲਾਈਂਗ ਅਧਿਕਾਰੀ ਨਿਰਮਲ ਜੀਤ ਸਿੰਘ ਸੇਖੋਂ ਨੇ ਇਸ ਸਕੁਐਡਰਨ ਵਿੱਚ ਲੜਾਕੂ ਪਾਇਲਟ ਵਜੋਂ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ ਸੀ। ਇਸ ਸਕੁਐਡਰਨ ਨੇ ਐੱਚਏਐੱਲ-ਵੱਲੋਂ ਤਿਆਰ ਤੇਜਸ ਅਤੇ ਅਜੀਤ ਉਡਾਏ। ਪਿਛਲੇ ਕਈ ਸਾਲਾਂ ਵਿੱਚ, ਮਿਗ -27 ਐੱਮਐੱਲ ਇਸੇ 18 ਸਕੁਐਡਰਨ ਦਾ ਹਿੱਸਾ ਸੀ। ਅਪ੍ਰੈਲ 2016 ਵਿੱਚ, ਸਕੁਐਡਰਨ ਨੰਬਰ ਪਲੇਟ ਕੀਤਾ ਗਿਆ ਸੀ।