ਸਿਆਚਿਨ ਦੇ 4 ਸ਼ਹੀਦ ਜਵਾਨਾਂ ਨੂੰ ਸੈਕੜੇ ਰੋਂਦੀਆਂ ਅੱਖਾਂ ਵੱਲੋਂ ਅੰਤਿਮ ਵਿਦਾਈ

160
ਸਿਆਚਿਨ ਵਿੱਚ ਬਰਫੀਲੇ ਤੂਫਾਨ ਦੌਰਾਨ ਸ਼ਹੀਦ ਜਵਾਨਾਂ ਨੂੰ ਸਲਾਮ.

ਦੁਨੀਆ ਦੇ ਸਭ ਤੋਂ ਉੱਚੇ ਜੰਗ ਦੀ ਥਾਂ ਸਿਆਚਿਨ ਵਿੱਚ ਬਰਫੀਲੇ ਤੂਫਾਨ ਦੌਰਾਨ ਬਰਫ ਵਿੱਚ ਦੱਬਣ ਕਰਕੇ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਲ 2 ਪੋਰਟਰਾਂ ਦੀ ਮੌਤ ਵੀ ਹੋਈ ਹੈ। ਹਾਲਾਂਕਿ ਬਰਫ ਵਿੱਚ ਕੁੱਲ 8 ਲੋਕ ਦੱਬੇ ਹੋਏ ਸਨ, ਪਰ ਦੋ ਜਵਾਨਾਂ ਨੂੰ ਫੌਜ ਦੇ ਬਚਾਅ ਦਲ ਨੇ ਜਿੰਦਾ ਲਿਆ। ਦੋਨਾਂ ਨੂੰ ਹੀ ਹੈਲੀਕਾਪਟਰ ਰਾਹੀਂ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹੈ ਅਤੇ ਦੋਨਾਂ ਦੀ ਹਲਾਤ ਗੰਭੀਰ ਦੱਸੀ ਗਈ ਹੈ। ਘਟਨਾ ਸੋਮਵਾਰ ਯਾਨੀ 18 ਨਵੰਬਰ ਨੂੰ ਦੁਪਹਿਰ 3 ਵਜੇ ਦੀ ਹੈ। ਇੱਥੇ ਯਾਦ ਦਵਾਉਣਾਂ ਜ਼ਰੂਰੀ ਹੈ ਕਿ ਠੰਡ ਦੇ ਮੌਸਮ ਵਿੱਚ ਇੱਥੇ ਤਾਪਮਾਨ -60 ਡਿਗਰੀ ਸੈਲਸੀਅਸ ਚਲਾ ਜਾਂਦਾ ਹੈ। ਹਾਲਾਂਕਿ ਅਜੇ ਵੀ ਤਾਪਮਾਨ ਮਨਫੀ 30 ਡਿਗਰੀ ਤੋਂ ਵੀ ਘੱਟ ਹੈ।

ਫੌਜ ਦੇ ਸ਼ਹੀਦ ਹੋਏ ਚਾਰ ਜਵਾਨਾਂ ਦੀਆਂ ਦੇਹਾਂ ਬੁੱਧਵਾਰ ਨੂੰ ਲੱਦਾਖ ਤੋਂ ਫੌਜੀ ਸਨਮਾਨਾਂ ਦੇ ਨਾਲ ਉਨ੍ਹਾਂ ਦੇ ਘਰ ਭੇਜੇ ਗਏ। ਡੋਗਰਾ ਰੈਜੀਮੈਂਟ ਦੇ ਸ਼ਹੀਦ ਇਨ੍ਹਾਂ ਜਵਾਨਾਂ ਵਿੱਚ ਤਿੰਨ ਪੰਜਾਬ ਅਤੇ ਇੱਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਸੀ। ਸਾਰਿਆਂ ਦੀ ਉਮਰ 30 ਸਾਲ ਤੋਂ ਘੱਟ ਸੀ।

ਕਾਬਿਲੇਗੌਰ ਹੈ ਕਿ ਉੱਤਰੀ ਲੱਦਾਖ ਦੇ ਸਿਆਚਿਨ ਗਲੇਸੀਅਰ ਵਿੱਚ ਭਾਰਤੀ ਫੌਜ ਪਾਕਿਸਤਾਨ ਦੇ ਨਾਪਾਕ ਮੂਨਸੂਬਿਆਂ ਨੂੰ ਨਾਕਾਮ ਬਣਾਉਣ ਦੇ ਨਾਲ ਮੌਸਮ ਨਾਲ ਵੀ ਲੜ ਰਹੀ ਹੈ। ਅਜਿਹੇ ਹਲਾਤ ਵਿੱਚ ਲੰਘੇ ਸੋਮਵਾਰ ਨੂੰ ਸਿਆਚਿਨ ਵਿੱਚ ਫੌਜੀ ਜਵਾਨਾਂ ਦੀ ਇੱਕ ਟੁਕੜੀ ਖੇਤਰ ਵਿੱਚ ਇੱਕ ਪੋਸਟ ਬਿਮਾਰ ਹੋਏ ਫੌਜੀ ਨੂੰ ਉੱਥੋਂ ਲੈਣ ਗਈ ਸੀ। ਇਸੇ ਦੌਰਾਨ 19 ਹਜਾਰ ਫੁੱਟ ਦੀ ਉਚਾਈ ‘ਤੇ ਆਏ ਬਰਫੀਲੇ ਤੂਫਾਨ ਦੀ ਜੱਦ ਵਿੱਚ ਆਉਣ ਦੇ ਬਾਅਦ ਫੌਜ ਦੀ ਟੁਕੜੀ ਲਾਪਤਾ ਹੋ ਗਈ ਸੀ। ਇਸ ਦਲ ਵਿੱਚ ਫੌਜ ਦੇ ਚਾਰ ਜਵਾਨ ਅਤੇ ਦੋ ਪੋਰਟਰ ਵੀ ਸਨ। ਫੌਜ ਦੇ ਰਾਹਤ ਤੇ ਬਚਾਅ ਦਲਾਂ ਨੇ ਸਾਰਿਆਂ ਨੂੰ ਬਰਫ ਤੋਂ ਕੱਢ ਕੇ ਗੰਭੀਰ ਹਾਲਤ ਵਿੱਚ ਸੋਮਵਾਰ ਸ਼ਾਮ ਨੂੰ ਹੈਲੀਕਾਪਟਰ ਰਾਹੀਂ ਹੁੰਦਰ ਵਿੱਚ ਫੌਜ ਦੇ ਹਸਪਤਾਲ ਵਿੱਚ ਪਹੁੰਚਾਇਆ ਸੀ। ਇੱਥੇ ਕਾਫੀ ਮਸ਼ੱਕਤ ਦੇ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਹਾਦਸੇ ਵਿੱਚ ਚਾਰ ਜਵਾਨ ਅਤੇ ਦੋ ਪੋਰਟਰ ਸ਼ਹੀਦ ਹੋ ਗਏ ਸਨ। ਪੋਰਟਰਾਂ ਦੀ ਪਛਾਣ ਲੇਹ ਦੇ ਲਰਗਿਆਵ ਜਿਗਮਿਤ ਨਾਂਗਿਆਲ ਅਤੇ ਸਟੇਂਜਿਨ ਗੁਰਮਤ ਦੇ ਰੂਪ ਵਿੱਚ ਹੋਈ ਹੈ। ਉਹ ਕੁਝ ਸਾਲਾਂ ਤੋਂ ਸਿਆਚੀਨ ਵਿੱਚ ਫੌਜ ਤੱਕ ਰਸਦ ਪਹੁੰਚਾਉਣ ਲਈ ਪੋਰਟਰ ਦਾ ਕੰਮ ਕਰ ਰਹੇ ਸਨ।

ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਲੇਹ ਵਿੱਚ ਫੌਜ ਦੇ ਚਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਭੇਜਿਆ ਗਿਆ, ਅਤੇ ਇੱਥੋਂ ਉਨ੍ਹਾਂ ਦੇ ਜੱਦੀ ਸ਼ਹਿਰਾਂ ਨੂੰ ਦੇਹਾਂ ਭੇਜੀਆਂ ਗਈਆਂ।

ਸ਼ਹੀਦ ਜਵਾਨ

ਸ਼ਹੀਦ ਨਾਇਕ ਮਹਿੰਦਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਜਿਲ੍ਹਾ ਦੇ ਅਜਨਾਲਾ ਦੇ ਪਿੰਡ ਧੋਨੇਵਾਲਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਉਮਰ 29 ਸਾਲ ਸੀ। ਉਹ 11 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਸਨ।

ਸ਼ਹੀਦ ਸਿਪਾਹੀ ਡਿੰਪਲ ਕੁਮਾਰ ਪੰਜਾਬ ਦੇ ਹਸ਼ਿਆਰਪੁਰ ਜਿਲ੍ਹੇ ਦੇ ਮੁਕੇਰੀਆਂ ਦੀ ਸੈਦੋਂ ਤਹਿਸੀਲ ਦੇ ਵਸਨੀਕ ਸਨ। ਉਨ੍ਹਾਂ ਦੀ ਉਮਰ 21 ਸਾਲ ਸੀ। ਉਹ ਮਾਰਚ, 2018 ਵਿੱਚ ਫੌਜ ਵਿੱਚ ਭਰਤੀ ਹੋਏ ਸਨ।

ਸ਼ਹੀਦ ਸਿਪਾਹੀ ਵੀਰਪਾਲ ਸਿੰਘ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਮਲੇਰਕੋਟਲਾ ਦੇ ਪਿੰਡ ਗਵਾਰਾ ਦੇ ਰਹਿਣ ਵਾਲੇ ਸਨ। 22 ਸਾਲਾਂ ਵੀਰਪਾਲ ਮਾਰਚ 2018 ਵਿੱਚ ਫੌਜ ਵਿੱਚ ਸ਼ਾਮਿਲ ਹੋਏ ਸਨ।

ਸ਼ਹੀਦ ਸਿਪਾਹੀ ਮਨੀਸ਼ ਕੁਮਾਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਅਰਕੀ ਤਹਿਸੀਲ ਦੇ ਦੋਚੀ ਪਿੰਡ ਦੇ ਵਸਨੀਕ ਸਨ। 21 ਵਰ੍ਹਿਆਂ ਦੇ ਮਨੀਸ਼ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਆਏ ਸਨ।

ਸਿਆਚਿਨ ਵਿੱਚ ਅਜਿਹੇ ਕਈ ਹਾਦਸੇ ਪਹਿਲਾਂ ਵੀ ਹੋ ਚੁੱਕੇ ਹਨ। ਲੰਘੇ 35 ਸਾਲਾਂ ਵਿੱਚ ਬਰਫੀਲੇ ਤੂਫਾਨ ਕਰਕੇ ਫੌਜ ਦੇ 35 ਅਫ਼ਸਰਾਂ ਸਮੇਤ ਹਜਾਰ ਤੋਂ ਵੱਧ ਜਵਾਨ ਸ਼ਹੀਦ ਹੋ ਚੁੱਕੇ ਹਨ। ਪਿਛਲੀ ਘਟਨਾ 2016 ਦੀ ਹੈ ਜਦੋਂ ਮਦਰਾਸ ਰੈਜੀਮੈਂਟ ਦੇ ਹਨੂੰਮੁੰਥਪਲੇ ਸਣੇ 10 ਜਵਾਨ ਬਰਫ ਹੇਠਾਂ ਦੱਬਣ ਕਰਕੇ ਸ਼ਹੀਦ ਹੋ ਗਏ ਸਨ।