ਦੁਨੀਆ ਦੀਆਂ ਸਭ ਤੋਂ ਵੱਡੀਆਂ ਫੌਜਾਂ ‘ਚੋਂ ਇੱਕ ਭਾਰਤੀ ਫੌਜ ਨੂੰ ਇਸ ਮਹੀਨੇ ਦੇ ਆਖਰੀ ਦਿਨ ਨਵਾਂ ਮੁਖੀ ਮਿਲਣ ਜਾ ਰਿਹਾ ਹੈ। ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ 30 ਜੂਨ ਨੂੰ ਜਨਰਲ ਮਨੋਜ ਸੀ. ਪਾਂਡੇ ਤੋਂ ਜ਼ਮੀਨੀ ਫੌਜ ਮੁਖੀ ਦਾ ਅਹੁਦਾ ਸੰਭਾਲਣਗੇ। ਪਰਮ ਵਿਸ਼ਿਸ਼ਠ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਠ ਸੇਵਾ ਮੈਡਲ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਦਿਵੇਦੀ ਮੌਜੂਦਾ ਸਮੇਂ ਦੌਰਾਨ ਜ਼ਮੀਨੀ ਫੌਜ ਦੇ ਉਪ ਮੁਖੀ ਹਨ ਅਤੇ 30 ਜੂਨ ਦੀ ਦੁਪਹਿਰ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ, ਜਿਸ ਦਿਨ ਜਨਰਲ ਪਾਂਡੇ ਨੂੰ ਅਹੁਦੇ ਤੋਂ ਮੁਕਤ ਕੀਤਾ ਜਾਵੇਗਾ।
1 ਜੁਲਾਈ, 1964 ਨੂੰ ਜਨਮੇ ਲੈਫਟੀਨੈਂਟ ਜਨਰਲ ਦਿਵੇਦੀ ਨੂੰ 15 ਦਸੰਬਰ, 1984 ਨੂੰ ਭਾਰਤੀ ਫੌਜ ਦੀ ਇੱਕ ਪੈਦਲ ਰੈਜੀਮੈਂਟ, ਜੰਮੂ ਅਤੇ ਕਸ਼ਮੀਰ ਰਾਈਫਲਜ਼ ਵਿੱਚ ਕਮਿਸ਼ਨ ਦਿੱਤਾ ਗਿਆ ਸੀ। 60 ਸਾਲ ਦੀ ਉਮਰ ਦੇ ਨਿਯਮ ਮੁਤਾਬਿਕ ਲੈਫਟੀਨੈਂਟ ਜਨਰਲ ਦਿਵੇਦੀ ਨੂੰ 30 ਜੂਨ ਨੂੰ ਸੇਵਾਮੁਕਤ ਹੋਣਾ ਚਾਹੀਦਾ ਹੈ ਪਰ ਬਦਲੇ ਹੋਏ ਨਿਯਮਾਂ ਮੁਤਾਬਿਕ ਉਨ੍ਹਾਂ ਨੂੰ 62 ਸਾਲ ਦੀ ਉਮਰ ਤੱਕ ਫੌਜੀ ਸੇਵਾ ਦਾ ਮੌਕਾ ਦਿੱਤਾ ਜਾ ਸਕਦਾ ਹੈ। ਅਜਿਹਾ ਨਿਯਮ 4 ਸਟਾਰ ਜਨਰਲ ਅਫਸਰਾਂ ਲਈ ਹੈ। ਇਹ ਨਿਯਮ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਅਹੁਦਿਆਂ ਲਈ ਹੈ। ਅਜਿਹਾ ਅਧਿਕਾਰੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਫੌਜ ਮੁਖੀ ਰਹਿ ਸਕਦਾ ਹੈ।
ਹਾਲਾਂਕਿ, ਮੌਜੂਦਾ ਆਰਮੀ ਚੀਫ਼ ਜਨਰਲ ਮਨੋਜ ਪਾਂਡੇ ਦਾ ਮਾਮਲਾ ਅਪਵਾਦਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਯਾਨੀ ਮਈ ‘ਚ ਸੇਵਾਮੁਕਤ ਹੋਣਾ ਸੀ ਪਰ ਸਰਕਾਰ ਨੇ ਉਨ੍ਹਾਂ ਦਾ ਆਰਮੀ ਚੀਫ ਦਾ ਕਾਰਜਕਾਲ 30 ਜੂਨ ਤੱਕ ਵਧਾ ਦਿੱਤਾ ਸੀ। ਜਨਰਲ ਮਨੋਜ ਸੀ ਪਾਂਡੇ ਨੂੰ 30 ਅਪ੍ਰੈਲ 2022 ਨੂੰ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ।
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਆਪਣੀ 40 ਸਾਲਾਂ ਦੀ ਫੌਜੀ ਸੇਵਾ ਵਿੱਚ ਕਈ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਦੀ ਕਮਾਂਡ ਨਿਯੁਕਤੀਆਂ ਵਿੱਚ ਰੈਜੀਮੈਂਟ (18 ਜੰਮੂ ਅਤੇ ਕਸ਼ਮੀਰ ਰਾਈਫਲਜ਼), ਬ੍ਰਿਗੇਡ (26 ਸੈਕਟਰ ਅਸਾਮ ਰਾਈਫਲਜ਼), ਡੀਆਈਜੀ, ਅਸਾਮ ਰਾਈਫਲਜ਼ (ਪੂਰਬੀ) ਅਤੇ 9 ਕੋਰ ਸ਼ਾਮਲ ਹਨ, ਇੱਕ ਸਰਕਾਰੀ ਰੀਲੀਜ਼ ਨੇ ਕੱਲ੍ਹ (11 ਜੂਨ 2014) ਕਿਹਾ। ਇੱਕ ਲੈਫਟੀਨੈਂਟ ਜਨਰਲ ਦੇ ਤੌਰ ‘ਤੇ, ਸ੍ਰੀ ਦਿਵੇਦੀ ਨੇ ਸੈਨਾ ਦੇ ਉਪ ਮੁਖੀ ਨਿਯੁਕਤ ਹੋਣ ਤੋਂ ਪਹਿਲਾਂ 2022 ਤੋਂ 2024 ਤੱਕ ਉੱਤਰੀ ਕਮਾਨ ਦੇ ਡਾਇਰੈਕਟਰ ਜਨਰਲ ਆਫ਼ ਇਨਫੈਂਟਰੀ (ਡੀਜੀ ਇਨਫੈਂਟਰੀ) ਅਤੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ (ਜੀਓਸੀ ਇਨ ਚੀਫ) ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ।
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਰੀਵਾ ਸੈਨਿਕ ਸਕੂਲ, ਨੈਸ਼ਨਲ ਡਿਫੈਂਸ ਕਾਲਜ ਅਤੇ ਯੂਐੱਸ ਆਰਮੀ ਵਾਰ ਕਾਲਜ ਤੋਂ ਪੜ੍ਹਾਈ ਕੀਤੀ ਹੈ, ਨੇ ਡੀਐੱਸਐੱਸਸੀ ਵੈਲਿੰਗਟਨ ਅਤੇ ਆਰਮੀ ਵਾਰ ਕਾਲਜ (ਮਹੂ) ਤੋਂ ਵੀ ਕੋਰਸ ਕੀਤੇ ਹਨ। ਉਨ੍ਹਾਂ ਨੂੰ ਕਾਰਲਿਸਲ ਦੇ ਯੂਐੱਸ ਆਰਮੀ ਵਾਰ ਕਾਲਜ ਵਿੱਚ ਵੱਕਾਰੀ ਐੱਨਡੀਸੀ ਬਰਾਬਰ ਦੇ ਕੋਰਸ ਵਿੱਚ ‘ਡਿਸਟਿੰਗੁਇਸ਼ਡ ਫੈਲੋ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਲੈਫਟੀਨੈਂਟ ਜਨਰਲ ਦਿਵੇਦੀ ਨੇ ਰੱਖਿਆ ਅਤੇ ਪ੍ਰਬੰਧਨ ਅਧਿਐਨ ਵਿੱਚ ਐੱਮ. ਫਿਲ ਅਤੇ ਰਣਨੀਤਕ ਅਧਿਐਨ ਅਤੇ ਮਿਲਟਰੀ ਸਾਇੰਸ ਵਿੱਚ ਦੋ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੂੰ ਤਿੰਨ ਜੀਓਸੀ-ਇਨ-ਸੀ ਕਮੈਂਟੇਸ਼ਨ ਕਾਰਡ ਵੀ ਦਿੱਤੇ ਗਏ ਹਨ।