ਇਮਰਾਨ ਖਾਨ ਦਾ ਯੂ-ਟਰਨ : ਜਨਰਲ ਬਾਜਵਾ 3 ਸਾਲ ਹੋਰ ਰਹਿਣਗੇ ਪਾਕਿਸਤਾਨ ਫੌਜ ਦੇ ਮੁਖੀ

141
ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸੇਵਾ ਵਿਸਥਾਰ ਹਾਸਿਲ ਕਰਨ ਵਾਲੇ ਜਨਰਲ ਕਮਰ ਅਹਿਮਦ ਬਾਜਵਾ. ਫਾਈਲ ਫੋਟੋ

ਕ੍ਰਿਕਟਰ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਅਹਿਮਦ ਬਾਜਵਾ ਨੂੰ ਸੇਵਾ ਵਿਸਥਾਰ ਦਿੰਦੇ ਹੋਏ ਉਨ੍ਹਾਂ ਨੂੰ ਹੋਰ ਤਿੰਨ ਸਾਲ ਲਈ ਇਸੇ ਅਹੁਦੇ ‘ਤੇ ਬਰਕਰਾਰ ਰੱਖਿਆ ਹੈ। ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਦਾ ਸੇਵਾ ਵਿਸਥਾਰ ਕਰਨ ਦਾ ਸਰਕਾਰ ਦਾ ਫੈਸਲਾ ਉਦੋਂ ਆਇਆ ਹੈ ਜਦੋਂ ਪਾਕਿਸਤਾਨ ਦਾ ਭਾਰਤ ਨਾਲ ਪੂਰਬੀ ਮੋਰਚੇ ‘ਤੇ ਤਣਾਅ ਹੈ।

ਜ਼ਿਕਰ ਯੋਗ ਹੈ ਕਿ ਇਮਰਾਨ ਖਾਨ ਨੇ 2013 ਵਿੱਚ ਜਨਰਲ ਕਿਆਨੀ ਦਾ ਕਾਰਜਕਾਲ ਵਧਾਏ ਜਾਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਨਿਯਮਾਂ ਦੀ ਪਾਲਣ ਕੀਤੀ ਜਾਣੀ ਚਾਹੀਦੀ ਹੈ। ਇਮਰਾਨ ਨੇ ਉਸ ਵੇਲੇ ਕਿਹਾ ਸੀ ਕਿ ਦੂਜੀ ਕੌਮਾਂਤਰੀ ਜੰਗ ਤੱਕ ਵੀ ਕਿਸੇ ਜਨਰਲ ਨੂੰ ਐਕਸਟੇਂਸ਼ਨ ਨਹੀਂ ਸੀ ਦਿੱਤਾ ਗਿਆ । ਇਮਰਾਨ ਦੇ ਮੁਤਾਬਿਕ ਅਜਿਹੇ ਫ਼ੈਸਲੇ ਦੇਸ਼ ਦੇ ਅਦਾਰਿਆਂ ਨੂੰ ਕਮਜ਼ੋਰ ਕਰਦੇ ਨੇ ਅਤੇ ਕੋਈ ਡਿਕਟੇਟਰ (ਤਾਨਾਸ਼ਾਹ) ਹੀ ਅਜਿਹਾ ਕਰ ਸਕਦਾ ਹੈ। ਇਹ ਗੱਲ ਇਮਰਾਨ ਨੇ ਇੱਕ ਇੰਟਰਵਿਉ ਵਿੱਚ ਕਹੀ ਸੀ ਜੋ ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੇਵਾ ਵਿਸਥਾਰ ਸਬੰਧੀ ਹੁਕਮ .

58 ਸਾਲ ਦੇ ਜਨਰਲ ਬਾਜਵਾ ਨੂੰ 26 ਨਵੰਬਰ 2016 ਨੂੰ ਜਦੋਂ ਪਹਿਲੀ ਵਾਰ ਪਾਕਿਸਤਾਨੀ ਫੌਜ ਦੀ ਕਮਾਨ ਸੌਂਪੀ ਗਈ ਸੀ ਉਦੋਂ ਪਾਕਿਸਤਾਨ ਵਿੱਚ ਮੀਆਂ ਨਵਾਜ਼ ਸ਼ਰੀਫ਼ ਦੀ ਸਰਕਾਰ ਸੀ। ਉਨ੍ਹਾਂ ਨੂੰ ਜਨਰਲ ਰਹੀਲ ਸ਼ਰੀਫ ਦੇ ਰਿਟਾਇਰ ਹੋਣ ‘ਤੇ ਪਾਕਿਸਤਾਨ ਦਾ ਫੌਜ ਮੁਖੀ ਬਣਾਉਣ ਵੇਲੇ ਉਨ੍ਹਾਂ ਤੋਂ ਸੀਨੀਅਰ ਤਿੰਨ ਅਧਿਕਾਰੀਆਂ ਦੀ ਵਰਿਸ਼ਠਤਾ ਸਿਨੀਓਰਿਟੀ ਨੂੰ ਅੱਖੋਂ ਓਹਲੇ ਕੀਤਾ ਗਿਆ ਸੀ। ਜਨਰਲ ਬਾਜਵਾ ਪਹਿਲਾਂ ਰਾਵਲਪਿੰਡੀ ਕੋਰ ਦੇ ਕਮਾਂਡਰ ਰਹੇ ਨੇ। ਇਸ ਤੋਂ ਪਹਿਲਾਂ ਉਹ ਜਨਰਲ ਹੈਡ ਕੁਆਟਰ ਵਿੱਚ ਇਨਸਪੈਕਟਰ ਜਨਰਲ (ਟ੍ਰੇਨਿੰਗ) ਸਨ ਜਿਸ ਅਹੁਦੇ ਉੱਤੇ ਉਨ੍ਹਾਂ ਤੋਂ ਪਹਿਲਾਂ ਵਾਲੇ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਵੀ ਰਹੇ ਸਨ। ਜਨਰਲ ਕਮਰ ਅਹਿਮਦ ਬ੍ਰਿਗੇਡੀਅਰ ਦੇ ਤੌਰ ਉੱਤੇ 10ਵੀਂ ਕੋਰ ਦੇ ਚੀਫ ਆਫ਼ ਸਟਾਫ ਵੀ ਰਹੇ। ਉਨ੍ਹਾਂ ਨੇ ਡਿਵੀਜ਼ਨ ਵੀ ਕਮਾਂਡ ਕੀਤੀ।

ਜਨਰਲ ਬਾਜਵਾ ਦੇ ਸੇਵਾ ਵਿਸਥਾਰ ਨੂੰ ਪਾਕਿਸਤਾਨ ਦੇ ਅੰਦਰ ਹਕੂਮਤ ਵਿੱਚ ਫੌਜ ਦੇ ਅਜਿਹੇ ਵੱਧਦੇ ਦਖਲ ਦੇ ਤੌਰ ਉੱਤੇ ਵੀ ਵੇਖਿਆ ਜਾ ਰਿਹਾ ਹੈ ਜੋ ਜਮਹੂਰੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਸਿਆਸਤ ਵਿੱਚ ਫੌਜ ਦੇ ਲਗਾਤਾਰ ਵੱਧਦੇ ਦਬਾਅ ਉੱਤੇ ਕੁੱਝ ਮੰਚਾਂ ਉੱਤੇ ਪਾਕਿਸਤਾਨ ਵਿੱਚ ਹੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 2018 ਦੀਆਂ ਉਨ੍ਹਾਂ ਚੋਣਾਂ ਵਿੱਚ ਤਾਂ ਫੌਜ ਦੀ ਸਰਗਰਮੀ ਦਾ ਇਲਜ਼ਾਮ ਖੁੱਲ ਕੇ ਲਗਾਇਆ ਸੀ ਜਿਸ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਹਰਾ ਕੇ ਇਮਰਾਨ ਖਾਨ ਦੀ ਸਿਆਸੀ ਧਿਰ ਪਾਕਿਸਤਾਨ ਤਹਿਰੀਕੇ ਇਨਸਾਫ ਸੱਤਾ ਵਿੱਚ ਆਈ। ਇਮਰਾਨ ਖਾਨ ਦੇ ਵਿਰੋਧੀ ਆਗੂਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਪਾਕਿਸਤਾਨ ਦੀ ਫੌਜ ਮੋਹਰੀ ਰਹੀ ਹੈ।

ਜਨਰਲ ਬਾਜਵਾ ਇਸੇ ਸਾਲ ਅਮਰੀਕਾ ਗਏ ਪਾਕਿਸਤਾਨ ਦੇ ਉਸ ਵਫਦ ਦਾ ਅਹਿਮ ਹਿੱਸਾ ਸਨ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਸਫ਼ੀਰ ਪੱਧਰੀ ਮੀਟਿੰਗ ਲਈ ਅਮਰੀਕਾ ਗਿਆ ਸੀ। ਅਮਰੀਕਾ ਅਤੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਿਚਾਲੇ ਅਮਨੋ ਅਮਾਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵੀ ਜਨਰਲ ਬਾਜਵਾ ਨੂੰ ਖਾਸ ਤੌਰ ‘ਤੇ ਵੇਖਿਆ ਜਾ ਰਿਹਾ ਹੈ।

ਉਂਝ ਭਾਰਤ – ਪਾਕਿਸਤਾਨ ਦੇ ਵਿਚਾਲੇ ਮੌਜੂਦਾ ਸੁਰੱਖਿਆ ਮਾਹੌਲ ਵਿੱਚ ਪਾਕਿਸਤਾਨ ਵੱਲੋਂ ਜਨਰਲ ਬਾਜਵਾ ਨੂੰ ਸੇਵਾ ਵਿਸਥਾਰ ਦੇਣਾ ਕੋਈ ਹੈਰਾਨ ਨਹੀਂ ਕਰਦਾ। ਫਰਵਰੀ ਵਿੱਚ ਭਾਰਤ ਵਿੱਚ ਕਸ਼ਮੀਰ ਵਿੱਚ ਪੁਲਵਾਮਾ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਦਸਤੇ ਦੇ 40 ਜਵਾਨਾਂ ਦੇ ਮਾਰੇ ਜਾਣ ਅਤੇ ਉਸ ਦੀ ਪ੍ਰਤੀਕਿਰਆ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਬਾਲਾਕੋਟ ਵਿੱਚ ਕੀਤੀ ਗਈ ਬਮਬਾਰੀ ਦੇ ਬਾਅਦ ਤੋਂ ਦੋਵਾਂ ਮੁਲਕਾਂ ਵਿੱਚ ਜ਼ਬਰਦਸਤ ਤਣਾਅ ਹੈ। ਇਸ ਦੇ ਬਾਅਦ ਸਰਹੱਦ ਦੇ ਅਸਮਾਨ ਨੇ ਦੋਵਾਂ ਮੁਲਕਾਂ ਦੀ ਹਵਾਈ ਫੌਜਾਂ ਦੇ ਲੜਾਕੂ ਜਹਾਜ਼ਾਂ ਦਾ ਸੰਘਰਸ਼ ਵੀ ਵੇਖਿਆ। ਕਸ਼ਮੀਰ ਨੂੰ ਖ਼ਾਸ ਸੂਬੇ ਦਾ ਦਰਜਾ ਖਤਮ ਕੀਤੇ ਜਾਣ ਦੇ ਬਾਅਦ ਇਸ ਤਣਾਅ ਵਿੱਚ ਹੋਰ ਵਾਧਾ ਹੋਇਆ ਹੈ। ਦੋਵਾਂ ਦੇਸ਼ਾਂ ਮੁਲਕਾਂ ਦੇ ਆਪਸੀ ਵਪਾਰਕ ਰਿਸ਼ਤੇ ਵੀ ਟੁੱਟੇ ਅਤੇ ਟ੍ਰੇਨ ਅਤੇ ਬਸ ਸੰਪਰਕ ਵੀ ਟੁੱਟ ਗਿਆ।