ਚੀਫ਼ ਆਫ਼ ਆਰਮੀ ਸਟਾਫ ਫੀਲਡ ਮਾਰਸ਼ਲ ਸੈਮ ਹਾਰਮੂਜ਼ਜੀ ਫ੍ਰਾਮਜੀ ਜਮਸ਼ੇਦ ਮਨੇਕਸ਼ਾ ਭਾਵ ਜਨਰਲ ਸੈਮ ਮਾਨੇਕਸ਼ਾ ਯਾਨੀ ਸੈਮ ਬਹਾਦੁਰ ਨੂੰ ਅੱਜ ਉਨ੍ਹਾਂ ਦੇ ਸੈਨਿਕ ਜੀਵਨ ਅਤੇ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਯਾਦ ਕੀਤਾ ਜਾ ਰਿਹਾ ਹੈ। ਜ਼ਿੰਦਗੀ ਦੇ ਦੋਵਾਂ ਪੱਖਾਂ ਵਿੱਚ ਉਨ੍ਹਾਂ ਦੀ ਜਿੰਦਾਦਿਲੀ ਬੇਮਿਸਾਲ ਸੀ। ਗੁਜਰਾਤ ਦੇ ਬਾਲਸਾਡ ਤੋਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਵਸੇ ਇੱਕ ਪਾਰਸੀ ਪਰਿਵਾਰ ਵਿੱਚ ਪੈਦਾ ਹੋਏ ਮਾਨੇਕਸ਼ਾ ਦੇ ਅਨੁਸ਼ਾਸਨ, ਸਾਫਗੋਈ ਅਤੇ ਦਲੇਰੀ ਨਾਲ ਸੰਵੇਦਨਸ਼ੀਲਤਾ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਕਿ ਅਜੋਕੇ ਦੌਰ ਵਿੱਚ ਉਨ੍ਹਾਂ ਦੀ ਸੱਚਾਈ ‘ਤੇ ਵੀ ਸ਼ੱਕ ਜਿਹਾ ਹੋਣ ਲੱਗਦਾ ਹੈ।
ਬੰਗਲਾਦੇਸ਼ ਦੀ ਗਰੰਟੀ:
ਪਾਕਿਸਤਾਨ ਤੋਂ ਉਸਦੇ ਪੂਰਬੀ ਹਿੱਸੇ ਨੂੰ ਆਜ਼ਾਦ ਕਰਵਾ ਕੇ ਬੰਗਲਾਦੇਸ਼ ਬਣਾਉਣ ਵਿੱਚ ਜਿਨੀ ਭੂਮਿਕਾ ਤਤਕਾਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੀ, ਮਾਨੇਕਸ਼ਾ ਦੀ ਭੂਮਿਕਾ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਰਹੀ ਹੋਏਗੀ। ਅਸਲ ਵਿੱਚ 1971 ਵਿੱਚ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਮਾਰਚ ਵਿੱਚ ਹੀ ਪਾਕਿਸਤਾਨ ‘ਤੇ ਹਮਲਾ ਕੀਤਾ ਜਾਏ, ਪਰ ਜਨਰਲ ਮਾਨੇਕਸ਼ਾ ਨੇ ਉਦੋਂ ਹਮਲੇ ਲਈ ਇਨਕਾਰ ਕਰ ਦਿੱਤਾ ਅਤੇ ਕਿਹਾ ਸੀ ਕਿ ਭਾਰਤੀ ਫੌਜ ਅਜੇ ਇਸ ਲਈ ਤਿਆਰ ਨਹੀਂ ਹੈ। ਇੰਦਰਾ ਗਾਂਧੀ ਇਸ ਜਵਾਬ ਤੋਂ ਥੋੜੀ ਨਰਾਜ਼ ਵੀ ਹੋਏ ਸਨ, ਪਰ ਮਾਨੇਕਸ਼ਾ ਨੇ ਇੰਦਰਾ ਗਾਂਧੀ ਨੂੰ ਕੁਝ ਮਹੀਨਿਆਂ ਦੇ ਇੰਤਜ਼ਾਰ ਨਾਲ ਲੜਾਈ ਜਿੱਤਣ ਦੀ ਗਰੰਟੀ ਦਿੱਤੀ ਸੀ ਅਤੇ ਫਿਰ ਇਹੀ ਹੋਇਆ।
ਇੰਦਰਾ ਗਾਂਧੀ ਦਾ ਸਮਰਥਨ:
ਇੰਦਰਾ ਗਾਂਧੀ ਅਤੇ ਜਨਰਲ ਮਾਨੇਕਸ਼ਾ ਵਿਚਾਲੇ ਬਹੁਤ ਸਾਰੀਆਂ ਮਸ਼ਹੂਰ ਕਹਾਣੀਆਂ ਹਨ। ਉਦੋਂ ਵੀ ਜਦੋਂ ਮਾਨੇਕਸ਼ਾ ਫੌਜ ਮੁਖੀ ਨਹੀਂ ਸਨ। ਭਾਰਤ ਬਰਤਾਨਵੀ ਸ਼ਾਸਨ ਤੋਂ ਨਵਾਂ ਆਜ਼ਾਦ ਹੋਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ ਅਤੇ ਉਸ ਸਮੇਂ ਦੇ ਰੱਖਿਆ ਮੰਤਰੀ ਯਸ਼ਵੰਤ ਰਾਓ ਚਵ੍ਹਾਣ ਦੇ ਨਾਲ ਸਰਹੱਦੀ ਖੇਤਰਾਂ ਦੇ ਦੌਰੇ ‘ਤੇ ਗਏ ਸਨ। ਬੇਟੀ ਇੰਦਰਾ ਗਾਂਧੀ ਵੀ ਉਨ੍ਹਾਂ ਦੇ ਨਾਲ ਸੀ ਪਰ ਮਾਨੇਕਸ਼ਾ ਨੇ ਇੰਦਰਾ ਗਾਂਧੀ ਨੂੰ ਆਪ੍ਰੇਸ਼ਨ ਰੂਮ ਵਿੱਚ ਦਾਖਲ ਹੋਣ ਦੀ ਇਜਾਜਤ ਨਹੀਂ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਭੇਦ ਗੁਪਤ ਰੱਖਣ ਦੀ ਸਹੁੰ ਨਹੀਂ ਚੁੱਕੀ ਹੈ। ਪਰ ਇਸ ਘਟਨਾ ਦੇ ਬਾਵਜੂਦ ਉਨ੍ਹਾਂ ਵਿਚਾਲੇ ਕੋਈ ਕੜਵਾਹਟ ਨਹੀਂ ਆਈ। 1969 ਵਿੱਚ ਸੈਮ ਬਹਾਦੁਰ ਨੂੰ ਭਾਰਤੀ ਫੌਜ ਦੀ ਕਮਾਨ ਸੌਂਪੀ ਗਈ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। ਸਾਰੇ ਸਾਥੀ ਅਤੇ ਅਧਿਕਾਰੀ ਇੰਦਰਾ ਗਾਂਧੀ ਨੂੰ ਮੈਡਮ ਜਾਂ ਮੈਡਮ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸੰਬੋਧਿਤ ਕਰਦੇ ਸਨ, ਪਰ ਮਾਨੇਕਸ਼ਾ ਨੇ ਉਨ੍ਹਾਂ ਨੂੰ ਮੈਡਮ ਨਾਲ ਸੰਬੋਧਨ ਨਹੀਂ ਕਰਦੇ ਸਨ। ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਹਿੰਦੇ ਸਨ। ਇੰਦਰਾ ਗਾਂਧੀ ਦੇ ਨਾਲ ਉਹ ਖੁੱਲਦਿਲੀ ਨਾਲ ਗੱਲ ਕਰਦੇ ਸਨ। ਇੱਕ ਵਾਰ ਉਨ੍ਹਾਂ ਨੇ ਪਾਲਮ ਏਅਰਪੋਰਟ ‘ਤੇ ਵਿਦੇਸ਼ ਤੋਂ ਵਾਪਸ ਆਈ ਇੰਦਰਾ ਗਾਂਧੀ ਨੂੰ ਰਿਸੀਵ ਕੀਤਾ। ਫਿਰ ਮਾਨੇਕਸ਼ਾ ਨੇ ਇੰਦਰਾ ਗਾਂਧੀ ਦੇ ਵਾਲਾਂ ਦੇ ਅੰਦਾਜ਼ ਨੂੰ ਪਸੰਦ ਕੀਤਾ ਅਤੇ ਉਨ੍ਹਾਂ ਦੇ ਹੇਅਰ ਸਟਾਈਲ ਦੀ ਸ਼ਲਾਘਾ ਵੀ ਕੀਤੀ। ਜਵਾਬ ਵਿੱਚ ਇੰਦਰਾ ਗਾਂਧੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਕਿਸੇ ਹੋਰ ਨੇ ਇਹ ਗੱਲ ਵੱਲ ਧਿਆਨ ਨਹੀਂ ਦਿੱਤਾ।
ਮੌਤ ਨੂੰ ਹਰਾਇਆ:
3 ਅਪ੍ਰੈਲ 1914 ਨੂੰ ਜਨਮੇ ਮeਨੇਕਸ਼ਾ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਵਿੱਚ ਕੀਤੀ ਪਰ ਇਸ ਤੋਂ ਬਾਅਦ ਉਹ ਨੈਨੀਤਾਲ ਦੇ ਸ਼ੇਰਵੁੱਡ ਕਾਲਜ ਵਿੱਚ ਦਾਖਲ ਹੋ ਗਏ। ਦੇਹਰਾਦੂਨ ਵਿੱਚ ਇੰਡੀਅਨ ਆਰਮੀ ਅਕੈਡਮੀ ਦੇ ਪਹਿਲੇ ਬੈਚ ਯਾਨੀ 1932 ਵਿੱਚ ਚੁਣੇ ਗਏ 40 ਵਿਦਿਆਰਥੀਆਂ ਵਿੱਚੋਂ ਇੱਕ ਮਾਨੇਕਸ਼ਾ 1934 ਵਿੱਚ ਬ੍ਰਿਟਿਸ਼ ਰਾਜ ਵਿੱਚ ਫੌਜ ਦਾ ਹਿੱਸਾ ਬਣ ਗਏ। ਉਹ 17ਵੀਂ ਇਨਫੈਂਟਰੀ ਡਿਵੀਜ਼ਨ ਵਿੱਚ ਸਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸ਼ੋਹਰਤ ਉਦੋਂ ਮਿਲੀ ਜਦ ਉਹ ਫ੍ਰੰਟੀਅਰਜ਼ ਫੋਰਸ ਰੈਜੀਮੈਂਟ ਵਿੱਚ ਇੱਕ ਕਪਤਾਨ ਵਜੋਂ ਦੂਜੀ ਵਿਸ਼ਵ ਜੰਗ ਦੇ ਮੋਰਚੇ ‘ਤੇ ਜ਼ਖ਼ਮੀ ਹੋਏ ਸਨ। ਬਰਮਾ ਮੁਹਿੰਮ ਦੇ ਦੌਰਾਨ, ਜਪਾਨੀ ਫੌਜੀਆਂ ਨਾਲ ਲੜਦਿਆਂ ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੇ ਕਮਾਂਡਰ ਮੇਜਰ ਜਨਰਲ ਕੋਵਾਨ ਨੇ ਆਪਣਾ ਮਿਲਿਟਰੀ ਕਰੌਸ ਛਾਤੀ ਤੋਂ ਉਤਾਰ ਕੇ ਮਾਨੇਕਸ਼ਾ ‘ਤੇ ਲਾ ਦਿੱਤਾ, ਕਿਉਂਕਿ ਇਹ ਫੌਜੀ ਸਨਮਾਨ ਜਿੰਦਾ ਰਹਿੰਦਿਆਂ ਸਿਪਾਹੀ ਨੂੰ ਦਿੱਤਾ ਜਾਂਦਾ ਸੀ, ਮ੍ਰਿਤਕ ਨੂੰ ਨਹੀਂ। ਜਦੋਂ ਮਾਨੇਕਸ਼ਾ ਜ਼ਖ਼ਮੀ ਹੋ ਗਏ ਤਾਂ ਜ਼ਖ਼ਮੀਆਂ ਨੂੰ ਉਸੇ ਹਾਲਤ ਵਿੱਚ ਛੱਡਣ ਦਾ ਹੁਕਮ ਦਿੱਤਾ ਗਿਆ ਸੀ ਕਿਉਂਕਿ ਫੌਜ ਨੂੰ ਅੱਗੇ ਵਧਣਾ ਪਿਆ। ਜੇਕਰ ਜ਼ਖ਼ਮੀਆਂ ਨੂੰ ਵਾਪਸ ਲਿਆਂਦਾ ਜਾਂਦਾ ਤਾਂ ਬਟਾਲੀਅਨ ਦੀ ਰਫਤਾਰ ਘੱਟ ਜਾਂਦੀ। ਇਸ ਸਥਿਤੀ ਵਿੱਚ ਮਾਨੇਕਸ਼ਾ ਨੂੰ ਉਨ੍ਹਾਂ ਦਾ ਅਰਦਲੀ ਸੂਬੇਦਾਰ ਸ਼ੇਰ ਸਿੰਘ ਆਪਣੇ ਮੋਢਿਆਂ ‘ਤੇ ਚੁੱਕ ਕੇ ਵਾਪਸ ਲੈ ਆਏ। ਪਰ ਉਨ੍ਹਾਂ ਦੀ ਹਾਲਤ ਐਨੀ ਖਰਾਬ ਸੀ ਕਿ ਡਾਕਟਰ ਨੇ ਉਨ੍ਹਾਂ ਦਾ ਇਲਾਜ ਕਰਨਾ ਆਪਣੇ ਸਮੇਂ ਦੀ ਬਰਬਾਦੀ ਸਮਝੀ। ਇਸ ਸਥਿਤੀ ਵਿੱਚ ਸੂਬੇਦਾਰ ਸ਼ੇਰ ਸਿੰਘ ਨੇ ਡਾਕਟਰ ‘ਤੇ ਬੰਦੂਕ ਤਾਣ ਦਿੱਤੀ ਅਤੇ ਕਿਹਾ ਕਿ ਅਸੀਂ ਆਪਣੇ ਅਫਸਰ ਨੂੰ ਇਸਲਈ ਮੋਢੇ ‘ਤੇ ਚੁੱਕ ਕੇ ਨਹੀਂ ਲਿਆਏ ਕਿ ਉਹ ਬਿਨ੍ਹਾ ਇਲਾਜ ਦੇ ਹੀ ਮਰ ਜਾਣ। ਡਾਕਟਰ ਨੇ ਅਣਮਨੇ ਢੰਗ ਨਾਲ ਇੱਕ-ਇੱਕ ਕਰਕੇ ਸੱਤ ਗੋਲੀਆਂ ਸਰੀਰ ਤੋਂ ਕੱਢੀਆਂ। ਇਸ ਸਮੇਂ ਦੌਰਾਨ ਉਸ ਦੀ ਅੰਤੜੀ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਸੀ ਜਿਸਨੂੰ ਕੱਟਣਾ ਪਿਆ ਸੀ। ਦ੍ਰਿੜ ਭਾਵਨਾ ਵਾਲਾ ਇਹ ਅਧਿਕਾਰੀ ਬਚ ਗਿਆ। ਮਾਨੇਕਸ਼ਾ ਨੂੰ ਪਹਿਲਾਂ ਮਾਂਡਲੇ, ਫਿਰ ਰੰਗੂਨ ਅਤੇ ਫਿਰ ਭਾਰਤ ਲਿਆਂਦਾ ਗਿਆ।
ਫੌਜੀਆਂ ਦੇ ਨਾਇਕ ਬਣੇ:
1946 ਵਿੱਚ, ਮਾਨੇਕਸ਼ਾ ਨੂੰ ਦਿੱਲੀ ਦੇ ਆਰਮੀ ਹੈੱਡਕੁਆਰਟਰ ਵਿਖੇ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ। ਮਾਨੇਕਸ਼ਾ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੇ ਸਬੰਧ ਵਿੱਚ ਵੀ ਪੀ ਮੈਨਨ ਅਤੇ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਵਿਚਾਲੇ ਹੋਈ ਮੁਲਾਕਾਤ ਦੌਰਾਨ ਮੌਜੂਦ ਸਨ। ਮੈਨਨ ਉਨ੍ਹਾਂ ਨੂੰ ਨਾਲ ਲੈ ਗਏ। 1962 ਵਿੱਚ ਚੀਨ ਕੋਲੋਂ ਜੰਗ ਹਾਰਨ ਤੋਂ ਬਾਅਦ ਫੌਜ ਦੀ 4 ਕੋਰ ਦੀ ਕਮਾਂਡ ਬੀ ਜੀ ਕੌਲ ਤੋਂ ਮਾਨੇਕਸ਼ਾ ਨੂੰ ਦਿੱਤੀ ਗਈ। ਇਸ ਤੋਂ ਬਾਅਦ ਇੱਕ ਕਿੱਸਾ ਬਹੁਤ ਮਸ਼ਹੂਰ ਹੋਇਆ। ਨਵੀਂ ਜ਼ਿੰਮੇਵਾਰੀ ਲੈਂਦਿਆਂ ਹੀ ਸਿਪਾਹੀਆਂ ਨੂੰ ਸੰਬੋਧਿਤ ਕਰਦੇ ਹੋਏ ਮਾਨੇਕਸ਼ਾ ਕਿਹਾ ਕਿ ਅੱਜ ਤੋਂ ਤੁਹਾਡੇ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟੇਗਾ ਜਦੋਂ ਤੱਕ ਤੁਹਾਨੂੰ ਲਿਖਤੀ ਹੁਕਮ ਪ੍ਰਾਪਤ ਨਹੀਂ ਹੁੰਦੇ। ਨਾਲ ਹੀ ਇਹ ਵੀ ਧਿਆਨ ਵਿੱਚ ਰੱਖੋ ਕਿ ਇਹ ਹੁਕਮ ਤੁਹਾਨੂੰ ਕਦੇ ਨਹੀਂ ਦਿੱਤੇ ਜਾਣਗੇ।