ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਨੇ ਭਾਰਤੀ ਫੌਜ ਲਈ ਬਣਾਏ ਗਏ ਮੀਡੀਅਮ ਰੇਂਜ ਸਰਫੇਸ ਤੋਂ ਏਅਰ ਮਿਜ਼ਾਈਲ ਲਾਂਚਿੰਗ ਸਿਸਟਮ (ਐੱਮ.ਆਰ.ਐੱਸ.ਏ.ਐੱਮ.) ਦਾ ਸਫਲ ਪ੍ਰੀਖਣ ਕੀਤਾ। ਮਿਜ਼ਾਈਲ ਨੇ ਤੇਜ਼ ਰਫ਼ਤਾਰ ਨਾਲ ਸਿੱਧੇ ਨਿਸ਼ਾਨੇ ‘ਤੇ ਮਾਰੀ। ਡੀਆਰਡੀਓ ਦੇ ਅਨੁਸਾਰ, ਇਹ ਪ੍ਰੀਖਣ ਐਤਵਾਰ ਸਵੇਰੇ 10.30 ਵਜੇ ਓਡੀਸ਼ਾ ਦੇ ਬਾਲਾਸੋਰ ਵਿੱਚ ਏਕੀਕ੍ਰਿਤ ਟੈਸਟ ਰੇਂਜ ਵਿੱਚ ਕੀਤਾ ਗਿਆ।
ਡੀਆਰਡੀਓ ਨੇ ਕਿਹਾ ਕਿ ਇਸ ਐੱਮਆਰਐੱਸਏਐੱਮ ਦੇ ਵੱਖ-ਵੱਖ ਰੇਂਜ ਦੇ ਦੋ ਸੰਸਕਰਣਾਂ ਦੇ ਪ੍ਰੀਖਣ ਦੀ ਸਫਲਤਾ ਇਸ ਦੀ ਸਮਰੱਥਾ ਅਤੇ ਪ੍ਰਦਰਸ਼ਨ ਨੂੰ ਸਾਬਤ ਕਰਦੀ ਹੈ। ਡੀਆਰਡੀਓ ਨੇ ਪ੍ਰੀਖਣ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ ਕਿ ਮਿਜ਼ਾਈਲ ਲੰਬੀ ਦੂਰੀ ਤੋਂ ਤੇਜ਼ ਰਫ਼ਤਾਰ ਨਾਲ ਅਸਮਾਨ ਵਿੱਚ ਦਾਗੀ ਗਈ ਵਸਤੂ ਨਾਲ ਸਿੱਧੀ ਟਕਰਾ ਗਈ। ਇਹ ਸੰਸਕਰਣ ਵਿਸ਼ੇਸ਼ ਤੌਰ ‘ਤੇ ਫੌਜ ਲਈ ਤਿਆਰ ਕੀਤਾ ਗਿਆ ਹੈ। ਡੀਆਰਡੀਓ ਨੇ ਇਸ ਨੂੰ ਬਣਾਉਣ ਵਿੱਚ ਇਜ਼ਰਾਈਲ ਦਾ ਸਹਿਯੋਗ ਵੀ ਲਿਆ। ਮਿਜ਼ਾਈਲ ਫਾਇਰਿੰਗ ਯੂਨਿਟ (MRSAM) ਹਥਿਆਰ ਪ੍ਰਣਾਲੀ ਵਿੱਚ ਇੱਕ ਕਮਾਂਡ ਪੋਸਟ, ਇੱਕ ਮਲਟੀਫੰਕਸ਼ਨਲ ਰਾਡਾਰ ਅਤੇ ਇੱਕ ਮੋਬਾਈਲ ਲਾਂਚਰ ਸਿਸਟਮ ਸ਼ਾਮਲ ਹੁੰਦਾ ਹੈ।
MRSAM ਇੱਕ ਅਜਿਹੀ ਹਥਿਆਰ ਪ੍ਰਣਾਲੀ ਹੈ ਜੋ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ, ਮਾਨਵ ਰਹਿਤ ਹਵਾਈ ਜਹਾਜ਼ਾਂ (UAV) ਅਤੇ ਅਸਮਾਨ ਤੋਂ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦੇ ਹਮਲੇ ਦੇ ਖਤਰੇ ਤੋਂ ਬਚਾਅ ਕਰਨ ਦੀ ਸਮਰੱਥਾ ਰੱਖਦਾ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਅਸਮਾਨ ਤੋਂ ਹੋਣ ਵਾਲੇ ਲਗਭਗ ਸਾਰੇ ਹਮਲਿਆਂ ਨੂੰ ਰੋਕਣ ਅਤੇ ਇਸ ਦਾ ਸਖ਼ਤ ਜਵਾਬ ਦੇਣ ਦੀ ਤਾਕਤ ਵਾਲਾ ਸਿਸਟਮ ਹੈ। ਰਾਕੇਟ ਮੋਟਰ ਅਤੇ ਇਸ ਨੂੰ ਕੰਟ੍ਰੋਲ ਕਰਨ ਵਾਲਾ ਸਿਸਟਮ ਭਾਰਤ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ। ਇਹ ਸਿਸਟਮ 70 ਕਿੱਲੋਮੀਟਰ ਦੀ ਦੂਰੀ ਤੱਕ ਵੱਖ-ਵੱਖ ਟੀਚਿਆਂ ਨਾਲ ਨਜਿੱਠ ਸਕਦਾ ਹੈ।