ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅਗਲੇ ਸਾਲ ਫਰਵਰੀ ਵਿੱਚ ਲਾਈ ਜਾਣ ਵਾਲੀ ਚਾਰ ਰੋਜਾ ਰੱਖਿਆ ਨੁਮਾਇਸ਼ ਡੈੱਫਐੱਕਸਪੋ 2020 (DefExpo2020) ਵਿੱਚ ਲੋਕਾਂ ਲਈ ਸਿਰਫ਼ ਇੱਕ ਦਿਨ ਹੀ ਮੁਫਤ ਦਾਖਿਲਾ ਹੋਏਗਾ ਅਤੇ ਉਹ ਵੀ ਆਖਰੀ ਦਿਨ। ਇਸਤੋਂ ਪਹਿਲਾਂ ਦੇ ਤਿੰਨ ਕਾਰੋਬਾਰੀ ਦਿਹਾੜਿਆਂ ਦੌਰਾਨ ਨੁਮਾਇਸ਼ ਦੇਖਣ ਲਈ 2500 ਰੁਪਏ ਦਾ ਟਿਕਟ ਲੈਣਾ ਹੋਏਗਾ ਅਤੇ ਇਹ ਵੀ ਸਿਰਫ਼ ਇੱਕ ਵਾਰ ਦੇ ਦਾਖਲੇ ਲਈ। ਵਿਦੇਸ਼ੀ ਨਾਗਰਿਕਾਂ ਲਈ ਤਾਂ ਇਹ ਟਿਕਟ 5000 ਰੁਪਏ ਦਾ ਹੈ।
ਨੁਮਾਇਸ਼ ਲਈ ਬਣਾਈ ਗਈ ਵੈੱਬਸਾਈਟ www.defexpo.gov.in ਵਿੱਚ ਟਿਕਟ ਤੋਂ ਲੈ ਕੇ ਇੱਥੇ ਕਾਰੋਬਾਰੀ ਥਾਂ ਲੈਣ ਦੇ ਢੰਗ-ਤਰੀਕੇ ਅਤੇ ਫੀਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਟਿਕਟ ਲੈਣ ਲਈ ਪਹਿਲਾਂ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਵੀ ਕਰਾਉਣੀ ਹੋਏਗੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਵਿੱਚ 05 ਤੋਂ 08 ਫਰਵਰੀ ਤੱਕ ਲਾਈ ਜਾਣ ਵਾਲੀ ਨੁਮਾਇਸ਼ DefExpo2020 ਦੇ 11ਵੇਂ ਐਡੀਸ਼ਨ ਦੀ ਵੈੱਬਸਾਈਟ ਸੋਮਵਾਰ ਨੂੰ ਦਿੱਲੀ ਵਿੱਚ ਲਾਂਚ ਕੀਤੀ। ਇਹ ਵੈੱਬਸਾਈਟ ਨੁਮਾਇਸ਼ਕਾਰਾਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸਦੇ ਇਲਾਵਾ ਵੈੱਬਸਾਈਟ ਡੀਪੀਐੱਸਯੂ ਅਤੇ ਆਰਡਨੈਂਸ ਫੈਕਟਰੀਆਂ ਦੇ ਉਤਪਾਦਾਂ ਦੇ ਬਾਰੇ ਵਿੱਚ ਜਾਣਕਾਰੀ ਉਪਲਬਧ ਕਰਾਉਂਦੀ ਹੈ।
ਵੈੱਬਸਾਈਟ ਨੁਮਾਇਸ਼ਕਾਰਾਂ ਨੂੰ ਪਹਿਲਾਂ ਆਓ-ਪਹਿਲਾਂ ਪਾਓ ਦੇ ਅਧਾਰ ‘ਤੇ ਉਨ੍ਹਾਂ ਦੀ ਜ਼ਰੂਰਤਾਂ ਦੇ ਅਨੁਸਾਰ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਅਤੇ ਸਥਾਨ ਬੁੱਕ ਕਰਾਉਣ ਦੀ ਸਹੂਲਤ ਵੀ ਦਿੰਦੀ ਹੈ। ਇਸਦੇ ਇਲਾਵਾ ਆਨਲਾਈਨ ਭੁਗਤਾਨ ਅਤੇ ਬਿਜ਼ਨੈੱਸ-ਟੂ-ਬਿਜ਼ਨੈੱਸ ਮੀਟਿੰਗਾਂ ਲਈ ਸੰਮੇਲਨ ਖੇਤਰ ਅਤੇ ਹੋਰ ਸਥਾਨਾਂ ਦੀ ਬੁਕਿੰਗ ਸਹੂਲਤ ਉਪਲਬਧ ਕਰਾਉਂਦੀ ਹੈ। ਨੁਮਾਇਸ਼ਕਾਰ 31 ਅਕਤੂਬਰ, 2019 ਤੋਂ ਪਹਿਲਾਂ ਵੈੱਬਸਾਈਟ ‘ਤੇ ਆਪਣੀ ਥਾਂ ਬੁੱਕ ਕਰਵਾ ਕੇ ਸ਼ੁਰੂਆਤੀ ਛੋਟ ਦਾ ਲਾਹਾ ਲੈ ਸਕਦੇ ਹਨ।
ਡੈੱਫਐਕਸਪੋ ਵਿੱਚ ਕਾਰੋਬਾਰੀ ਦਿਨਾਂ ਦੌਰਾਨ ਭਾਵ 5 ਤੋਂ 7 ਫਰਵਰੀ ਤੱਕ ਜਾਣ ਲਈ ਵਪਾਰੀ ਵੈੱਬਸਾਈਟ ‘ਤੇ ਆਪਣੇ ਟਿਕਟ ਖਰੀਦ ਸਕਦੇ ਹਨ। 8 ਫਰਵਰੀ ਨੂੰ ਆਸ ਲੋਕਾਂ ਲਈ ਦਾਖਲਾ ਮੁਫਤ ਹੋਏਗਾ। ਹਾਲਾਂਕਿ ਆਮ ਲੋਕਾਂ ਨੂੰ ਇਸਦੇ ਲਈ ਵੈੱਬਸਾਈਟ ‘ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੋਏਗੀ ਅਤੇ ਉਨ੍ਹਾਂ ਦੇ ਰਜਿਸਟਰਡ ਈਮੇਲ ਪਤੇ ‘ਤੇ ਈ-ਟਿਕਟ ਭੇਜੇ ਜਾਣਗੇ।