ਚਿਨਾਰ ਕੋਰ ਦੇ ਨਵੇਂ ਕਮਾਂਡਰ ਦੀ ਸ਼੍ਰੀਨਗਰ ਵਿੱਚ ਰਾਜਪਾਲ ਨਾਲ ਪਲੇਠੀ ਮੁਲਾਕਾਤ

127
ਲੈਫਟੀਨੈਂਟ ਜਨਰਲ ਡੀ ਪੀ ਪਾਂਡੇ
ਭਾਰਤੀ ਸੈਨਾ ਦੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ।

ਭਾਰਤੀ ਫੌਜ ਦੀ ਚਿਨਾਰ ਕੋਰ ਵਜੋਂ ਜਾਣੇ ਜਾਂਦੇ 15 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀ ਪੀ ਪਾਂਡੇ ਨੇ ਰਾਜਧਾਨੀ ਸ਼੍ਰੀਨਗਰ ਦੇ ਰਾਜ ਭਵਨ ਵਿਖੇ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। ਲੈਫਟੀਨੈਂਟ ਜਨਰਲ ਪਾਂਡੇ ਨੇ ਚਿਨਾਰ ਕੋਰ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਪਾਲ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਸਿਨਹਾ ਨੂੰ ਪਾਕਿਸਤਾਨੀ ਸਰਹੱਦ ਦੀ ਕੰਟ੍ਰੋਲ ਰੇਖਾ ਦੀ ਤਾਜ਼ਾ ਸਥਿਤੀ ਅਤੇ ਕਸ਼ਮੀਰ ਵਿੱਚ ਫੌਜ ਦੀਆਂ ਅੱਤਵਾਦ ਵਿਰੋਧੀ ਕਾਰਵਾਈਆਂ ਤੋਂ ਜਾਣੂ ਕਰਵਾਇਆ।

ਲੈਫਟੀਨੈਂਟ ਜਨਰਲ ਡੀ ਪੀ ਪਾਂਡੇ ਨੇ ਲੈਫਟੀਨੈਂਟ ਜਨਰਲ ਬੀਐੱਸ ਰਾਜੂ ਤੋਂ 17 ਮਾਰਚ ਨੂੰ ਚਿਨਾਰ ਕੋਰ ਦੀ ਕਮਾਨ ਸੰਭਾਲ ਲਈ ਸੀ। ਲੈਫਟੀਨੈਂਟ ਜਨਰਲ ਰਾਜੂ ਨੂੰ ਮਿਲਟਰੀ ਆਪ੍ਰੇਸ਼ਨਾਂ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਚਿਨਾਰ ਕੋਰ ਦੀ ਕਮਾਂਡ ਵਿਸ਼ਵ-ਵਿਆਪੀ ਮਹਾਂਮਾਰੀ ਕੋਵਿਡ 19 ਦੀ ਚੁਣੌਤੀ ਦੇ ਵਿਚਕਾਰ ਸੰਭਾਲੀ ਸੀ, ਜੋ ਅੱਤਵਾਦ ਦੇ ਨਾਲ ਬਹੁਤ ਹੀ ਨਾਜ਼ੁਕ ਦੌਰ ਸੀ।

ਚਿਨਾਰ ਕੋਰ ਦਾ ਦਿਲਚਸਪ ਇਤਿਹਾਸ:

ਲੈਫਟੀਨੈਂਟ ਜਨਰਲ ਡੀਪੀ ਪਾਂਡੇ ਪਹਿਲਾਂ ਕਸ਼ਮੀਰ ਵਿੱਚ ਤਾਇਨਾਤ ਰਹੇ ਹਨ ਅਤੇ ਅੱਤਵਾਦ ਵਿਰੋਧੀ ਅਤੇ ਘੁਸਪੈਠ ਦੀ ਮੁਹਿੰਮ ਚਲਾਉਣ ਵਾਲੇ ‘ਕਿਲੋ ਫੋਰਸ’ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਰਹਿ ਚੁੱਕੇ ਹਨ। ਚਿਨਾਰ ਕੋਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਪਾਂਡੇ ਸੂਬਾਈ ਫੌਜ (ਟੈਰਿਟੋਰੀਅਲ ਆਰਮੀ) ਦੇ ਡਾਇਰੈਕਟਰ ਜਨਰਲ ਸਨ। ਰਾਜਧਾਨੀ ਸ਼੍ਰੀਨਗਰ ਵਿੱਚ ਹੈੱਡਕੁਆਰਟਰ ਚਿਨਾਰ ਕੋਰ, ਭਾਰਤੀ ਫੌਜ ਦੀ ਇੱਕ ਬਹੁਤ ਮਹੱਤਵਪੂਰਨ ਕੋਰ ਹੈ। ਕਸ਼ਮੀਰ ਵਾਦੀ ਵਿੱਚ ਫੌਜ ਦੀਆਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਇਸ ਇਤਿਹਾਸਕ 15 ਕੋਰ ਉੱਤੇ ਹੈ। ਇਸ ਕੋਰ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਦੀਆਂ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਹੈ।

ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਇੰਡੀਅਨ ਆਰਮੀ ਦਾ ਹਿੱਸਾ ਰਹੀ ਇਸ 15 ਕੋਰ ਦੀ ਸਥਾਪਨਾ 1916 ਵਿੱਚ ਸੰਸਾਰ ਜੰਗ ਵਿੱਚ ਹਿੱਸਾ ਲੈਣ ਲਈ ਕੀਤੀ ਗਈ ਸੀ। 1918 ਵਿੱਚ ਭੰਗ ਹੋਣ ਤੋਂ ਬਾਅਦ ਇਸ ਕੋਰ ਨੂੰ 1942 ਵਿੱਚ ਦੂਜੀ ਸੰਸਾਰ ਜੰਗ ਵਿੱਚ ਬਰਮਾ ਆਪ੍ਰੇਸ਼ਨ ਲਈ ਮੁੜ ਗਠਿਤ ਕੀਤਾ ਗਿਆ ਸੀ, ਪਰ 1947 ਵਿੱਚ ਭਾਰਤ ਦੀ ਵੰਡ ਵੇਲੇ ਕਰਾਚੀ ਵਿੱਚ ਫੌਜ ਦੀ ਇਸ 15 ਕੋਰ ਨੂੰ ਮੁੜ ਭੰਗ ਕਰ ਦਿੱਤਾ ਗਿਆ ਸੀ। 1948 ਵਿੱਚ ਭਾਰਤ ਦੀ ਆਜ਼ਾਦੀ ਪ੍ਰਾਪਤ ਹੋਣ ਤੋਂ ਬਾਅਦ ਇਸ ਨੂੰ ਜੰਮੂ-ਕਸ਼ਮੀਰ ਫੋਰਸ ਹੈੱਡਕੁਆਰਟਰ ਦਾ ਨਾਮ ਦੇ ਕੇ ਇਸ ਨੂੰ ਭਾਰਤੀ ਫੌਜ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ। ਸੰਨ 1955 ਤੋਂ ਲੈ ਕੇ ਉਦੋਂ ਤੱਕ ਇਹ ਵੱਖ-ਵੱਖ ਨਾਵਾਂ ਦੇ ਨਾਂਅ ਨਾਲ ਜਾਣੀ ਜਾਂਦੀ ਰਹੀ, ਜਦੋਂ ਤੱਕ ਊਧਮਪੁਰ ਵਿੱਚ ਮੁੜ ਤੋਂ ਆਖਰੀ ਨਾਂਅ ਮਿਲਿਆ।