ਸਮੁੰਦਰੀ ਜਹਾਜ਼ ਆਈ.ਐੱਨ.ਐੱਸ ਵਿਰਾਟ ਦੀ ਵਾਜਿਬ ਕੀਮਤ ਨਾ ਮਿਲਣ ਕਾਰਨ ਨਿਲਾਮੀ ਮੁਲਤਵੀ ਕੀਤੀ ਗਈ

325
ਆਈਐੱਨਐੱਸ ਵਿਰਾਟ

ਭਾਰਤੀ ਸਮੁੰਦਰੀ ਫੌਜ ਦਾ ਇਤਿਹਾਸਿਕ ਹਵਾਈ ਜਹਾਜ਼ ਬੇੜਾ ਆਈ.ਐੱਨ.ਐੱਸ ਵਿਰਾਟ ਨਿਲਾਮੀ ਤੋਂ ਬਚ ਗਿਆ। ਮੰਗਲਵਾਰ ਨੂੰ ਇਸ ਦੀ ਆਨਲਾਈਨ ਨਿਲਾਮੀ ਪ੍ਰਕਿਰਿਆ ਹੋਰ ਅੱਗੇ ਨਹੀਂ ਵੱਧ ਸਕੀ ਕਿਉਂਕਿ ਕੀਮਤ ਉਮੀਦ ਅਨੁਸਾਰ ਲਾਗੂ ਨਹੀਂ ਹੋਈ। ਹੁਣ ਆਈ ਐੱਨ ਐੱਸ ਵਿਰਾਟ ਦੀ ਨਿਲਾਮੀ ਦੀ ਪ੍ਰਕਿਰਿਆ ਦੁਬਾਰਾ ਹੋਵੇਗੀ। ਜੁਲਾਈ ਵਿੱਚ, ਸਰਕਾਰ ਨੇ ਨਿਲਾਮੀ ਵਿੱਚ ਵਿਰਾਟ ਨੂੰ ਵੇਚਣ ਦੇ ਫੈਸਲੇ ਬਾਰੇ ਭਾਰਤ ਦੀ ਸੰਸਦ ਨੂੰ ਦੱਸਿਆ ਸੀ। ਆਈਐੱਨਐੱਸ ਵਿਰਾਟ ਦੀ ਨਿਲਾਮੀ ਦੀ ਪ੍ਰਕਿਰਿਆ ਸਰਕਾਰੀ ਈ-ਕਾਮਰਸ ਕੰਪਨੀ ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ ਲਿਮਟਿਡ (ਐੱਮਐੱਸਟੀਸੀ) ਕਰ ਰਹੀ ਹੈ।

ਐੱਮਐੱਸਟੀਸੀ ਨੇ ਮੰਗਲਵਾਰ ਦੁਪਹਿਰ 12 ਵਜੇ ਤੋਂ ਈ-ਨਿਲਾਮੀ ਦੀ ਸ਼ੁਰੂਆਤ ਕੀਤੀ, ਪਰ ਚਾਰ ਵਜੇ ਤੱਕ ਉਮੀਦ ਮੁਤਾਬਿਕ ਕੀਮਤ ਨਹੀਂ ਲੱਗ ਸਕੀ। ਇਸ ਲਈ ਹੁਣ ਆਈਐੱਨਐੱਸ ਵਿਰਾਟ ਨੂੰ ਦੂਜੀ ਵਾਰ ਨਿਲਾਮ ਕੀਤਾ ਜਾਵੇਗਾ। ਹਾਲਾਂਕਿ, ਕੋਈ ਨਿਰਧਾਰਿਤ ਮੁੱਲ ਨਹੀਂ ਰੱਖਿਆ ਗਿਆ ਸੀ। ਉਂਝ, ਇਸਦੀ ਇੱਕ ਗੁਪਤ ਕੀਮਤ ਰੱਖੀ ਗਈ ਹੈ, ਜੋ ਕਿ ਈ-ਨਿਲਾਮੀ ਦੇ ਸਮੇਂ ਖੁਲਾਸਾ ਕੀਤਾ ਜਾਏਗਾ ਅਤੇ ਜੇਕਰ ਬੋਲੀ ਉਸ ਅਨੁਸਾਰ ਨਹੀਂ ਲੱਗੇਗੀ, ਤਾਂ ਕੰਪਿਊਟਰ ਇਸਨੂੰ ਰੱਦ ਕਰ ਦੇਵੇਗਾ।

ਅਸਲ ਵਿੱਚ 1959 ਵਿੱਚ ਬ੍ਰਿਟਿਸ਼ ਨੇਵੀ ਵਿੱਚ ਕਮਿਸ਼ਨਡ, ਇਸ ਬੇੜੇ ਨੂੰ ਪਹਿਲਾਂ ਐੱਚਐੱਮਐੱਸ ਕਿਹਾ ਜਾਂਦਾ ਸੀ। ਗਿੰਨੀਜ਼ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਇਸ ਸਭਤੋਂ ਪੁਰਾਣੇ ਹਵਾਈ ਜਹਾਜ਼ ਕੈਰੀਅਰ ਨੂੰ ‘ਗ੍ਰੈਂਡ ਓਲਡ ਲੇਡੀ’ ਵੀ ਕਿਹਾ ਜਾਂਦਾ ਹੈ। ਆਈਐੱਨਐੱਸ ਵਿਰਾਟ, ਜਿਸ ਨੂੰ 1987 ਵਿੱਚ ਭਾਰਤੀ ਸੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ, ਨੇ 30 ਸਾਲਾਂ ਸੇਵਾ ਕੀਤੀ ਅਤੇ ਇਸ ਸਮੇਂ ਦੌਰਾਨ ਉਸਨੇ 5 ਲੱਖ 88 ਹਜ਼ਾਰ ਤੋਂ ਵੱਧ ਨੌਟਿਕਲ ਮੀਲ ਯਾਤਰਾ ਕੀਤੀ। ਸ਼ਾਂਤੀ ਸਥਾਪਿਤ ਕਰਨ ਲਈ ਚਲਾਈ ਮੁਹਿੰਮਾਂ ਦੇ ਇਕ ਹਿੱਸੇ ਵਜੋਂ ਆਈਐੱਨਐੱਸ ਵਿਰਾਟ 80 ਦੇ ਦਹਾਕੇ ਵਿੱਚ ਸ਼੍ਰੀਲੰਕਾ ਅਤੇ 90 ਦੇ ਦਹਾਕੇ ਵਿੱਚ ਕਾਰਗਿਲ ਜੰਗ ਦੇ ਸਮੇਂ ਵੀ ਤਾਇਨਾਤ ਸੀ।

ਆਈ ਐੱਨ ਐੱਸ ਵਿਰਾਟ ਤੋਂ ਸੀ ਹੈਰੀਅਰਜ਼, ਵ੍ਹਾਈਟ ਟਾਈਗਰਜ਼, ਸੀ ਕਿੰਗ 42 ਬੀ, ਅਤੇ ਸੀ ਕਿੰਗ 42 ਸੀ ਵਰਗੇ ਜਹਾਜ਼ਾਂ ਤੋਂ ਇਲਾਵਾ ਚੇਤਕ ਹੈਲੀਕਾਪਟਰ ਵੀ ਉਡਾਣ ਭਰ ਚੁੱਕੇ ਹਨ। ਵਿਰਾਟ ਦੇ ਡੇਕ ਤੋਂ ਉਡਾਣ ਲਈ ਵੱਖ-ਵੱਖ ਜਹਾਜਾਂ ਨੇ 22 ਹਜ਼ਾਰ ਘੰਟੇ ਬਿਤਾਏ ਹਨ। ਨਿਲਾਮੀ ਤੋਂ ਪਹਿਲਾਂ ਆਈਐੱਨਐੱਸ ਵਿਰਾਟ ਨੂੰ ਮੰਗਲਵਾਰ ਨੂੰ ਮੁੰਬਈ ਦੇ ਨੇਵਲ ਡੌਕ ਵਿਖੇ ਜਾਂਚ ਲਈ ਉਪਲਬਧ ਕਰਾਇਆ ਗਿਆ ਸੀ। ਸਮੁੰਦਰੀ ਜਹਾਜ਼ ਦੇ ਜ਼ਿਆਦਾਤਰ ਉਪਕਰਣ, ਸੈਂਸਰ, ਹਥਿਆਰ, ਮੁੱਖ ਮਸ਼ੀਨਾਂ, ਮੋਟਰਾਂ, ਜੀਵਨ ਬਚਾਉਣ ਵਾਲੇ ਉਪਕਰਣ ਹਟਾ ਦਿੱਤੇ ਗਏ ਸਨ। ਨਿਲਾਮੀ ਵਿੱਚ ਦਿਲਚਸਪੀ ਲੈਣ ਵਾਲੇ ਬਿਨੈਕਾਰਾਂ ਨੇ ਨਿਲਾਮੀ ਦੀ ਜਮਾਨਤੀ ਰਾਸ਼ੀ ਦੇ ਤੌਰ ‘ਤੇ 5.30 ਕਰੋੜ ਰੁਪਏ ਪੇਸ਼ਗੀ ਵਜੋਂ ਜਮ੍ਹਾ ਕਰਵਾ ਦਿੱਤੇ ਸਨ।