ਵੋਟਿੰਗ ਲਈ ਜਵਾਨਾਂ ਤੋਂ ਉਨ੍ਹਾਂ ਦੀ ਪਸੰਦ ਪੁੱਛਦੇ ਨੇ ਫੌਜ ਦੇ ਅਧਿਕਾਰੀ

270
ਫੌਜ
Symbolic Pic

ਭਾਰਤ ਦੇ ਸਰਹੱਦੀ ਲੱਦਾਖ ਲੋਕਸਭਾ ਦੀ ਚੋਣ ਵਿੱਚ ਤੈਨਾਤ ਫੌਜੀਆਂ ਤੋਂ ਉਨ੍ਹਾਂ ਦੀ ਵੋਟਿੰਗ ਵਿੱਚ ਤਰਜੀਹ ਪੁੱਛੇ ਜਾਣ ਦੀ ਸ਼ਿਕਾਇਤ ਮਿਲੀ ਹੈ। ਲੱਦਾਖ ਸੀਟ ਦੀ ਚੋਣ ਅਧਿਕਾਰੀ ਅਵਨੀ ਲਵਾਸਾ ਨੇ ਇਸ ਬਾਰੇ ਵਿੱਚ 14 ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ( GOC 14 Corps ) ਨੂੰ ਚਿੱਠੀ ਲਿੱਖੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫੌਜ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਜਾਵੇ ਕਿ ਉਹ ਜਵਾਨਾਂ ਤੋਂ ਵੋਟਿੰਗ ਲਈ ਉਨ੍ਹਾਂ ਦੀ ਪਸੰਦ ਨਾ ਪੁੱਛਣ।

ਅਸਲ ਵਿੱਚ ਇਹ ਪੂਰਾ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਇੱਥੋਂ ਲੋਕਸਭਾ ਚੋਣ ਲੜ ਰਹੇ ਦੋ ਉਮੀਦਵਾਰਾਂ ਨੇ ਸ਼ਿਕਾਇਤ ਕੀਤੀ ਕਿ ਫੌਜ ਦੇ ਇਲੈਕਟ੍ਰਾਨਿਕ ਪੋਸਟਲ ਬੈਲੇਟ ਕਮਾਨ ਅਫ਼ਸਰ ਫੋਨ ਕਰਕੇ ਜਵਾਨਾਂ ਤੋਂ ਵੋਟਿੰਗ ਲਈ ਉਨ੍ਹਾਂ ਦੀ ਪਹਿਲ ਪੁੱਛ ਰਹੇ ਨੇ। ਸ਼ਿਕਾਇਤ ਕਰਨ ਵਾਲਿਆਂ ਵਿੱਚ ਕਾਂਗਰਸ ਦੇ ਬਾਗ਼ੀ ਅਸਗਰ ਅਲੀ ਕਰਬਲਾਈ ਅਤੇ ਸੱਜਾਦ ਹੁਸੈਨ ਕਰਗਿਲੀ ਸ਼ਾਮਿਲ ਨੇ।

ਚੋਣ ਅਧਿਕਾਰੀ ਅਵਨੀ ਲਵਾਸਾ ਨੇ ਇਹ ਚਿੱਠੀ ਬੀਤੇ ਦਿਨੀ ਫੌਜ ਨੂੰ ਭੇਜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਦੇ ਅਧਿਕਾਰੀ ਜਵਾਨਾਂ ਨੂੰ ਵੋਟਿੰਗ ਲਈ ਬੈਲੇਟ ਪੇਪਰ ਸਪਲਾਈ ਨਹੀਂ ਕਰਦੇ। ਇੰਨਾ ਹੀ ਨਹੀਂ ਇਹ ਵੋਟਿੰਗ ਦੌਰਾਨ ਵਰਤੇ ਜਾਣ ਵਾਲੇ ਲੋੜੀਂਦੇ ਨੇਮਾਂ ਦੀ ਉਲੰਘਣਾ ਵੀ ਹੈ ਜੋ ਆਪਰਾਧਿਕ ਮਾਮਲਾ ਵੀ ਹੈ। ਲਿਹਾਜ਼ਾ ਅਜਿਹੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਚਿੱਠੀ ਸਬੰਧਿਤ ਫੌਜ ਅਧਿਕਾਰੀ ਨੂੰ ਭੇਜੀ ਗਈ ਹੈ ਤਾਂ ਜੋ ਵੋਟਿੰਗ ਦੀ ਪ੍ਰਕ੍ਰਿਆ ਸਾਫ-ਸੁਥਰੀ ਰੱਖੀ ਜਾ ਸਕੇ। ਸੱਜਾਦ ਹੁਸੈਨ ਕਰਗਿਲੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਫੌਜੀਆਂ ਵੱਲੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅਤੇ ਇਹ ਸ਼ਿਕਾਇਤਾਂ ਖਾਸ ਕਰਕੇ ਲੱਦਾਖ ਸਕਾਉਟਸ ਅਤੇ ਨੀਮਫੌਜੀ ਦਸਤਿਆਂ ਦੇ ਜਵਾਨਾਂ ਵੱਲੋਂ ਮਿਲੀ ਹੈ। ਇਨ੍ਹਾਂ ਜਵਾਨਾਂ ਨੂੰ ਉਨ੍ਹਾਂ ਦਾ ਉਨ੍ਹਾਂ ਦਾ ਬੈਲੇਟ ਪੇਪਰ ਦਿੱਤਾ ਹੀ ਨਹੀਂ ਜਾਂਦਾ।

ਅੰਗਰੇਜ਼ੀ ਅਖਬਾਰ ਦ ਟ੍ਰਿਬਿਊਨ ਦੇ ਮੁਤਾਬਿਕ, ਫੌਜ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਮਿਲੀਆਂ ਨੇ ਅਤੇ ਇਹ ਫੌਜ ਦਾ ਅਕਸ ਖ਼ਰਾਬ ਕਰਣ ਦੀ ਕੋਸ਼ਿਸ਼ ਹੈ । ਫੌਜ ਦੇ ਜਨਸੰਪਰਕ ਅਧਿਕਾਰੀ ਕਰਨਲ ਰਾਜੇਸ਼ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਾਏ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫੌਜ ਗ਼ੈਰ ਸਿਆਸੀ ਹੈ ਅਤੇ ਇਸਦੀਆਂ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਾਂਦਾ ਹੈ.

ਲੱਦਾਖ ਲੋਕ ਸਭਾ ਸੀਟ ‘ਤੇ ਪੋਸਟਲ ਬੈਲੇਟ ਦੀ ਕਾਫ਼ੀ ਅਹਿਮੀਅਤ ਹੈ। ਸੱਜਾਦ ਹੁਸੈਨ ਕਰਗਿਲੀ ਮਿਸਾਲ ਦਿੰਦਿਆਂ ਹੋਇਆਂ ਕਹਿੰਦੇ ਨੇ ਕਿ 2014 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਥੁਪਸਤਨ ਚੇਹਵਾਂਗ ਸਿਰਫ਼ 36 ਵੋਟਾਂ ਤੋਂ ਉਦੋਂ ਜਿੱਤੇ ਸਨ ਜਦੋਂ ਪੋਸਟਲ ਬੈਲੇਟ ਦੀ ਗਿਣਤੀ ਹੋਈ। 2019 ਦੀਆਂ ਚੋਣਾਂ ਵਿੱਚ ਲੱਦਾਖ ਵਿੱਚ ਚਾਰ ਹਜ਼ਾਰ ਪੋਸਟਲ ਬੈਲੇਟ ਵੰਡੇ ਗਏ ਨੇ।