ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਸਿਆਚਿਨ ਵਿੱਚ ਫੌਜੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ

27
ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਸਿਆਚਿਨ ਪਹੁੰਚੇ

ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਪਹੁੰਚੇ ਅਤੇ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਉੱਥੇ ਤਾਇਨਾਤ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਸੰਚਾਲਨ ਤਿਆਰੀ ਦਾ ਜਾਇਜ਼ਾ ਲਿਆ।

 

ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਸਿਆਚਿਨ ਜੰਗੀ ਯਾਦਗਾਰ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਇੱਥੇ ਉਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

 

ਸਿਆਚਿਨ ਕੀ ਹੈ:

ਹਿਮਾਲਿਆ ਦੀ ਪੂਰਬੀ ਕਾਰਾਕੋਰਮ ਰੇਂਜ ਵਿੱਚ ਸਥਿਤ 76 ਕਿਲੋਮੀਟਰ ਲੰਬਾ ਸਿਆਚਿਨ ਗਲੇਸ਼ੀਅਰ ਉਹ ਥਾਂ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਹੱਦ ਕੰਟਰੋਲ ਰੇਖਾ ਖਤਮ ਹੁੰਦੀ ਹੈ। ਇਹ ਸਮੁੰਦਰੀ ਤੱਟ ਤੋਂ ਲਗਭਗ 19 ਹਜ਼ਾਰ ਫੁੱਟ ਉੱਚਾ ਹੈ ਅਤੇ ਇਸਦਾ ਜ਼ਿਆਦਾਤਰ ਹਿੱਸਾ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਆਉਂਦਾ ਹੈ। ਪਾਕਿਸਤਾਨ ਵੀ ਇਸ ਦੇ ਇੱਕ ਹਿੱਸੇ ਦਾ ਦਾਅਵਾ ਕਰਦਾ ਰਿਹਾ ਹੈ। ਇਸ ਨੂੰ ਲੈ ਕੇ ਦੋਹਾਂ ਫੌਜਾਂ ਵਿਚਾਲੇ ਝਗੜਾ ਹੋਇਆ।

ਸਿਆਚਿਨ ਸਮਰ ਮੈਮੋਰੀਅਲ ਵਿਖੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਹੋਰ ਅਧਿਕਾਰੀ

ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਾਲੇ ਲਗਾਤਾਰ ਝੜਪਾਂ ਦੇ ਕਾਰਨ, ਇਸ ਨੂੰ ਜੰਗ ਦੇ ਮੈਦਾਨ ਵਜੋਂ ਦੇਖਿਆ ਗਿਆ ਜੋ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਹੈ। ਇੱਥੋਂ ਦੇ ਅਤਿਅੰਤ ਔਖੇ ਹਲਾਤਾਂ ਕਰਕੇ ਰਹਿਣ ਦੀ ਗੱਲ ਤਾਂ ਛੱਡੋ, ਮਨੁੱਖ ਲਈ ਆਮ ਕੰਮ ਕਰਨਾ ਜਾਂ ਸਾਹ ਲੈਣਾ ਵੀ ਸੰਭਵ ਨਹੀਂ ਹੈ। ਗਰਮੀਆਂ ਵਿੱਚ ਤਾਪਮਾਨ ਜ਼ੀਰੋ ਤੋਂ 30 ਡਿਗਰੀ ਹੇਠਾਂ ਆ ਜਾਂਦਾ ਹੈ। ਇਸ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਨੇ ਇੱਥੇ ਆਪਣੀਆਂ ਫੌਜਾਂ ਦੀ ਕਾਫ਼ੀ ਮੌਜੂਦਗੀ ਬਣਾਈ ਰੱਖੀ ਹੈ। ਅੱਸੀਵਿਆਂ ਤੋਂ ਬਾਅਦ ਭਾਰਤ ਨੇ ਇੱਥੇ ਆਪਣੀ ਮੌਜੂਦਗੀ ਹੋਰ ਵਧਾ ਦਿੱਤੀ ਹੈ।

 

ਰਣਨੀਤਕ ਮਹੱਤਤਾ:

ਭਾਰਤ ਨੇ ਇਸ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਆਪਣੀ ਸਰਦਾਰੀ ਕਾਇਮ ਕੀਤੀ ਹੈ। ਹੁਣ ਭਾਰਤ ਨੇ ਇੱਥੇ ਰਿਜ ‘ਤੇ ਕਰੀਬ 100 ਫੌਜੀ ਚੌਕੀਆਂ ਸਥਾਪਿਤ ਕਰ ਲਈਆਂ ਹਨ, ਜਦਕਿ ਪਾਕਿਸਤਾਨੀ ਫੌਜ ਦੀ ਸਥਿਤੀ ਇੱਥੇ ਕਾਫੀ ਕਮਜੋਰ ਹੈ। ਪਾਕਿਸਤਾਨੀ ਸੈਨਿਕਾਂ ਦੀਆਂ ਚੌਕੀਆਂ ਭਾਰਤੀ ਚੌਕੀਆਂ ਤੋਂ ਲਗਭਗ 3000 ਫੁੱਟ ਹੇਠਾਂ ਹਨ।

 

ਸਿਆਚਿਨ ਦਾ ਮਤਲਬ:

ਸਿਆਚਿਨ ਦਾ ਨਾਮਕਰਨ ਬਹੁਤ ਦਿਲਚਸਪ ਹੈ। ਇਸ ਖਿੱਤੇ ਵਿੱਚ ਬੋਲੀ ਜਾਣ ਵਾਲੀ ਬਾਲਟੀ ਭਾਸ਼ਾ ਵਿੱਚ ‘ਸਿਆ’ ਦਾ ਅਰਥ ਹੈ ਗੁਲਾਬ ਦਾ ਫੁੱਲ ਅਤੇ ‘ਚਿਨ’ ਦਾ ਅਰਥ ਹੈ ਉਹ ਚੀਜ ਜੋ ਭਰਪੂਰ ਮਾਤਰਾ ਵਿੱਚ ਉਪਲਬਧ ਹੋਵੇ। ਇਸ ਇਲਾਕੇ ਵਿੱਚ ਗੁਲਾਬ ਭਰਪੂਰ ਮਾਤਰਾ ਵਿੱਚ ਪਾਏ ਜਾਣ ਕਾਰਨ ਇਸ ਦਾ ਨਾਂਅ ਸਿਆਚਿਨ ਪਿਆ।