ਭਾਰਤੀ ਹਵਾਈ ਫੌਜ ਦੇ 51 ਅਫਸਰਾਂ ਅਤੇ ਜਵਾਨਾਂ ਦਾ ਦਲ ਜਦੋਂ ਪੰਕਜ ਸਾਂਗਵਾਨ ਦੀ, ਤਿਰੰਗੇ ਵਿੱਚ ਲਿਪਟੀ, ਮ੍ਰਿਤਕ ਦੇਹਿ ਨੂੰ ਲੈ ਕੇ ਹਰਿਆਣਾ ਦੇ ਸੋਨੀਪਤ ਜਿਲ੍ਹੇ ਦੇ ਕੋਹਲਾ ਪਿੰਡ ਪਹੁੰਚਿਆ ਤਾਂ ਲੋਕਾਂ ਦਾ ਹਜੂਮ ਆ ਗਿਆ। ਜਵਾਨ ਬੇਟੇ ਨੂੰ ਗੁਆਉਣ ਵਾਲਾ ਪੂਰਾ ਦਾ ਪੂਰਾ ਪਿੰਡ ਗ਼ਮਜ਼ਦਾ ਸੀ। ਹਰ ਕਿਸੇ ਦੀਆਂ ਅੱਖਾਂ ਵਿੱਚ ਨਮੀ ਅਤੇ ਜ਼ੁਬਾਨ ‘ਤੇ ‘ਸ਼ਹੀਦ ਪੰਕਜ ਅਮਰ ਰਹੇ’ ਦਾ ਨਾਅਰਾ ਸੀ। ਕੋਹਲਾ ਹੀ ਨਹੀਂ, ਨੇੜਲੇ ਪਿੰਡਾਂ ਦੇ ਲੋਕ ਵੀ ਪੰਕਜ ਨੂੰ ਆਖਰੀ ਵਿਦਾਈ ਦੇਣ ਲਈ ਆਏ ਸਨ। ਪੂਰੇ ਸ਼ਾਸਕੀ ਅਤੇ ਫੌਜੀ ਸਨਮਾਨ ਦੇ ਨਾਲ ਪੰਕਜ ਸਾਂਗਵਾਨ ਦੀ ਮ੍ਰਿਤਕ ਦੇਹਿ ਨੂੰ ਅਗਨ ਭੇਂਟ ਕੀਤਾ ਗਿਆ।
ਭਾਰਤੀ ਹਵਾਈ ਫੌਜ ਵਿੱਚ ਬਤੌਰ ਲੀਡ ਏਅਰਕਰਾਫਟ ਮੈਨ ( LAC ) ਤਾਇਨਾਤ ਪੰਕਜ ਸਾਂਗਵਾਨ 3 ਜੂਨ ਨੂੰ ਹੋਏ ਹਾਦਸੇ ਦੇ ਸ਼ਿਕਾਰ ਬਣੇ ਭਾਰਤੀ ਹਵਾਈ ਫੌਜ ਦੇ ਏਐੱਨ 32 ਭਾਰ ਢੋਹਣ ਵਾਲੇ ਜਹਾਜ਼ ਵਿੱਚ ਸਵਾਰ 13 ਲੋਕਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਅਸਮ ‘ਚ ਹਵਾਈ ਫੌਜ ਦੇ ਜੋਰਹਾਟ ਅੱਡੇ ਤੋਂ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿੱਚ ਹਵਾਈ ਪੱਟੀ ‘ਤੇ ਲੈਂਡ ਕਰਣ ਲਈ ਉਡਾਰੀ ਭਰੀ ਸੀ। ਹਾਦਸੇ ਦੇ ਅੱਠ ਦਿਨ ਬਾਅਦ ਸਾਰਿਆਂ ਦੀਆਂ ਲਾਸ਼ਾਂ ਤਾਂ ਮਿਲ ਗਈਆਂ ਸਨ ਪਰ ਖਤਰਨਾਕ ਪਹਾੜੀਆਂ ਅਤੇ ਸੰਘਣੇ ਜੰਗਲ ਵਾਲੇ ਇਸ ਇਲਾਕੇ ਤੋਂ ਖ਼ਰਾਬ ਮੌਸਮ ਦੀ ਚੁਣੌਤੀ ਕਰਕੇ ਮ੍ਰਿਤਕ ਦੇਹਾਂ ਕੱਢ ਕੇ ਜੋਰਹਾਟ ਪਹੁੰਚਾਈਆਂ ਜਾ ਸਕੀਆਂ ਸਨ। ਜਿਸ ਮਗਰੋਂ ਉਨ੍ਹਾਂ ਨੂੰ ਅੰਤਮ ਸਸਕਾਰ ਲਈ ਘਰਾਂ ਤੱਕ ਸਨਮਾਨ ਨਾਲ ਪਹੁੰਚਾਉਣ ਦਾ ਖ਼ਾਸ ਇੰਤਜ਼ਾਮ ਕੀਤਾ ਗਿਆ ਸੀ।
ਦੁਪਹਿਰ ਨੂੰ ਮ੍ਰਿਤਕ ਦੇਹਿ ਸੌਂਪਣ ਦੇ ਨਾਲ ਹੀ ਜਦੋਂ ਅਧਿਕਾਰੀਆਂ ਨੇ ਪਰਿਵਾਰ ਨੂੰ ਇੱਕ ਮੈਡਲ, ਟੋਪੀ ਅਤੇ ਪੰਕਜ ਦਾ ਫੋਟੋ ਦਿੱਤਾ ਤਾਂ ਪੂਰਾ ਮਾਹੌਲ ਭਾਵੁਕ ਹੋ ਗਿਆ । ਕੋਈ ਵੀ ਆਪਣੇ ਹੰਝੂ ਨਹੀਂ ਸੀ ਸੰਭਾਲ ਪਾ ਰਿਹਾ। ਫੌਜ ਦੀਆਂ ਰਸਮਾਂ ਰਿਵਾਜ਼ਾਂ ਦੇ ਮੁਤਾਬਕ ਹਵਾਈ ਫੌਜੀਆਂ ਨੇ ਰਾਇਫਲਾਂ ਨਾਲ ਹਵਾ ਵਿੱਚ ਗੋਲੀਆਂ ਚਲਾਕੇ ਆਪਣੇ ਸਾਥੀ ਨੂੰ ਸਲਾਮ ਕੀਤਾ। ਚਚੇਰੇ ਭਰਾ ਮੋਹਿਤ ਨੇ ਪੰਕਜ ਦੀ ਚਿਥਾ ਨੂੰ ਅਗਨੀ ਦਿੱਤੀ । ਇਸ ਤੋਂ ਪਹਿਲਾਂ ਮਾਂ ਸੁਨੀਤਾ ਅਤੇ ਪਿਤਾ ਧਰਮਵੀਰ ਸਾਂਗਵਾਨ ਨੇ ਨਮ ਅੱਖਾਂ ਨਾਲ ਮ੍ਰਿਤਕ ਦੇਹਿ ‘ਤੇ ਗੰਗਾ ਜਲ ਛਿੜਕਿਆ। ਜਵਾਨ ਪੋਤੇ ਦੀ ਕੁਵੇਲੇ ਹੋਈ ਮੌਤ ਦਾ ਸਦਮਾ ਤੇ ਕਿਸੇ ਤਰੀਕੇ ਇਸ ਦਾ ਦਰਦ ਸਹਿਣ ਦੀ ਕੋਸ਼ਿਸ਼ ਕਰ ਰਹੇ ਦਾਦਾ ਰਾਮ ਕੁਮਾਰ ਨੇ ਹਵਾਈ ਫੌਜ ਦੇ ਅਫਸਰਾਂ ਅਤੇ ਜਵਾਨਾਂ ਦਾ ਸਤਿਕਾਰ ਕੀਤਾ ਕਿ ਉਨ੍ਹਾਂ ਨੇ ਤਮਾਮ ਚੁਣੌਤੀਆਂ ਦੇ ਬਾਅਦ ਵੀ ਸਨਮਾਨ ਦੇ ਨਾਲ ਪੰਕਜ ਦੀ ਮ੍ਰਿਤਕ ਦੇਹਿ ਨੂੰ ਉਸ ਦੀ ਜਨਮਭੂਮੀ ਤੱਕ ਪਹੁੰਚਾਇਆ।
ਹਵਾਈ ਫੌਜੀ ਪੰਕਜ 1 ਜੁਲਾਈ 2015 ਨੂੰ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋਇਆ ਸੀ। ਸੋਨੀਪਤ ਦੇ ਮੈਂਬਰ ਪਾਰਲੀਮੈਂਟ ਰਮੇਸ਼ ਚੰਦ੍ਰ ਕੌਸ਼ਿਕ ਨੇ ਸ਼ਰੱਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਪੰਕਜ ਹਮੇਸ਼ਾ ਸਭ ਦੇ ਦਿਲਾਂ ਵਿੱਚ ਜਿੰਦਾ ਰਹੇਗਾ । ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਏ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਸ਼ਰਧਾਂਜਲੀ ਭੇਂਟ ਕੀਤੀ।