ਭਾਰਤੀ ਫੌਜ ਦੀ ਅਗਨੀਵੀਰ ਭਰਤੀ ਪ੍ਰਕਿਰਿਆ ਦੇ ਢੰਗ-ਤਰੀਕੇ ਬਦਲੇ

93
ਭਾਰਤੀ ਫੌਜ
ਟੋਕਨ ਫੋਟੋ

ਭਾਰਤੀ ਫੌਜ ਨੇ ਜੂਨੀਅਰ ਕਮਿਸ਼ਨਡ ਅਫਸਰਾਂ, ਹੋਰ ਰੈਂਕਾਂ ਅਤੇ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਹੁਣ ਭਰਤੀ ਰੈਲੀ ਤੋਂ ਪਹਿਲਾਂ ਕੰਪਿਊਟਰ ਆਧਾਰਿਤ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸੀਈਈ) ਹੋਵੇਗੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲਿਆਂ ਦਾ ਸਰੀਰਕ ਫਿਟਨੈਸ ਟੈਸਟ ਹੋਵੇਗਾ ਜਿਸ ਵਿੱਚ ਉਨ੍ਹਾਂ ਦਾ ਭਾਰ, ਕੱਦ ਆਦਿ ਵੀ ਮਾਪਿਆ ਜਾਵੇਗਾ।

ਇੱਕ ਪ੍ਰੈੱਸ ਰਿਲੀਜ਼ ਅਨੁਸਾਰ, ਰਜਿਸਟ੍ਰੇਸ਼ਨ ਲਈ ਨੋਟੀਫਿਕੇਸ਼ਨ ਫੌਜ ਵਿੱਚ ਭਰਤੀ ਲਈ ਨਿਰਧਾਰਿਤ ਵੈਬਸਾਈਟ www.joinindianarmy.nic.in ‘ਤੇ ਪਾ ਦਿੱਤਾ ਗਿਆ ਹੈ। ਹੁਣ 16 ਫਰਵਰੀ ਤੋਂ 15 ਮਾਰਚ 2023 ਤੱਕ ਬਿਨੈਕਾਰ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ।

ਭਰਤੀ ਪ੍ਰਕਿਰਿਆ ਦੇ ਨਵੇਂ ਨਿਯਮਾਂ ਦੇ ਅਨੁਸਾਰ, ਭਰਤੀ ਹੇਠ ਲਿਖੇ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ:

ਪਹਿਲੇ ਪੜਾਅ ਵਿੱਚ, ਉਮੀਦਵਾਰਾਂ ਨੂੰ www.joinindianarmy.nic.in ‘ਤੇ ਜਾ ਕੇ ਔਨਲਾਈਨ ਕਾਮਨ ਐਂਟਰੈਂਸ ਟੈਸਟ ਲਈ ਅਪਲਾਈ ਕਰਨਾ ਹੋਵੇਗਾ ਅਤੇ ਉਸ ਟੈਸਟ ਨੂੰ ਪਾਸ ਕਰਨਾ ਹੋਵੇਗਾ। ਦੂਜੇ ਪੜਾਅ ਦੇ ਤਹਿਤ, ਇਸ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਬਿਨੈਕਾਰਾਂ ਨੂੰ ਸਬੰਧਿਤ ਆਰਮੀ ਰਿਕਰੂਟਿੰਗ ਦਫ਼ਤਰ (ਏਆਰਓ) ਦੁਆਰਾ ਨਿਰਧਾਰਤ ਭਰਤੀ ਰੈਲੀ ਦੇ ਸਥਾਨ ‘ਤੇ ਭਰਤੀ ਰੈਲੀ ਲਈ ਬੁਲਾਇਆ ਜਾਵੇਗਾ। ਉੱਥੇ ਉਸ ਦਾ ਫਿਟਨੈੱਸ ਟੈਸਟ ਕੀਤਾ ਜਾਵੇਗਾ। ਆਖਰੀ ਯਾਨੀ ਤੀਜੇ ਪੜਾਅ ਤਹਿਤ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਟੈਸਟ ਹੋਵੇਗਾ।