ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ‘ਚ 4 ਜਵਾਨ ਸ਼ਹੀਦ, 3 ਜ਼ਖ਼ਮੀ

23
ਫੌਜ ਦੀ ਗੱਡੀ ਜਿਸ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।

ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਇੱਕ ਵਾਹਨ ‘ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਸ ‘ਚ ਸਵਾਰ ਜਵਾਨ ਇੱਕ ਓਪ੍ਰੇਸ਼ਨ ਲਈ ਸੁਰਨਕੋਟ ਰੋਡ ‘ਤੇ ਸੰਘਣੇ ਜੰਗਲ ‘ਚ ਜਾ ਰਹੇ ਸਨ। ਹਮਲੇ ਵਿੱਚ ਸ਼ਹੀਦ ਹੋਏ ਚਾਰ ਜਵਾਨਾਂ ਦੇ ਨਾਮ ਬੀਰੇਂਦਰ ਸਿੰਘ, ਚੰਦਨ ਕੁਮਾਰ, ਕਰਨ ਕੁਮਾਰ ਅਤੇ ਗੌਤਮ ਕੁਮਾਰ ਦੱਸੇ ਗਏ ਹਨ। ਇਸ ਹਮਲੇ ‘ਚ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ‘ਚ ਭਾਰਤੀ ਜਵਾਨ ਸ਼ਹੀਦ ਹੋ ਗਏ

ਫੌਜ ਦੀ ਗੱਡੀ ‘ਤੇ ਅੱਤਵਾਦੀਆਂ ਵੱਲੋਂ ਇਹ ਹਮਲਾ ਵੀਰਵਾਰ ਦੁਪਹਿਰ ਨੂੰ ਪੁਲਿਸ ਸਟੇਸ਼ਨ ਮੰਡੀ- ਸੂਰਨਕੋਟ ਰੋਡ ‘ਤੇ ਹੋਇਆ। ਇਹ ਉਹ ਇਲਾਕਾ ਹੈ ਜੋ ਦੇਹਰਾ ਕੀ ਗਲੀ ਰਾਹੀਂ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਨੂੰ ਜੋੜਦਾ ਹੈ। ਫੌਜ ਨੂੰ ਇਸ ਖੇਤਰ ‘ਚ ਅੱਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ, ਜਿਸ ਦੇ ਤਹਿਤ ਫੌਜ ਨੇ ਇੱਥੇ ਓਪ੍ਰੇਸ਼ਨ ਕੀਤਾ ਸੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਵਾਰਦਾਤ ਵੀਰਵਾਰ ਦੁਪਹਿਰ ਕਰੀਬ 3.30 ਵਜੇ ਉਸ ਸਮੇਂ ਵਾਪਰੀ ਜਦੋਂ ਫੌਜ ਦੀਆਂ ਗੱਡੀਆਂ ਓਪ੍ਰੇਸ਼ਨਲ ਟੀਮਾਂ ਨੂੰ ਲੈ ਕੇ ਦੇਹਰਾ ਗਲੀ ਤੋਂ ਬਫਲਿਆਜ਼ ਵੱਲ ਜਾ ਰਹੀਆਂ ਸਨ। ਇਹ ਇਲਾਕਾ ਮੁਗਲ ਰੋਡ ਨਾਲ ਵੀ ਜੁੜਿਆ ਹੋਇਆ ਹੈ।

ਸੰਘਣੇ ਜੰਗਲ ਨਾਲ ਘਿਰੇ ਦਾਨਾਰ ਸਾਵਨੀਆ ਮੋੜ ਇਲਾਕੇ ‘ਚ ਛਿਪੇ ਅੱਤਵਾਦੀਆਂ ਨੇ ਫੌਜ ਦੇ ਵਾਹਨਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਫੌਜ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਅੱਤਵਾਦੀ ਨੇੜਲੇ ਜੰਗਲ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ।

ਫੌਜ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਵਾਰਦਾਤ ‘ਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਚਾਰਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਘਟਨਾ ਵਾਲੀ ਥਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਨਜ਼ਦੀਕੀ ਫੌਜੀ ਕੈਂਪ ਵਿੱਚ ਭੇਜ ਦਿੱਤਾ ਗਿਆ ਹੈ।ਜ਼ਖ਼ਮੀਆਂ ਨੂੰ ਸਥਾਨਕ ਫੌਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਦੌਰਾਨ ਇਲਾਕੇ ‘ਚ ਵੱਡੀ ਪੱਧਰ ‘ਤੇ ਫੌਜ ਅਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਅੱਤਵਾਦੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਹਮਲਾਵਰ ਅੱਤਵਾਦੀਆਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ। ਫੌਜ ਦਾ ਕਹਿਣਾ ਹੈ  ਕਿ 20 ਦਸੰਬਰ ਦੀ ਰਾਤ ਤੋਂ ਡੇਹਰਾ ਕੀ ਗਲੀ (ਡੀਕੇਜੀ) ਦੇ ਜਨਰਲ ਖੇਤਰ ‘ਚ ਓਪ੍ਰੇਸ਼ਨ ਚਲਾਇਆ ਜਾ ਰਿਹਾ ਸੀ। 21 ਦਸੰਬਰ ਨੂੰ ਤੜਕੇ ਕਰੀਬ 3.45 ਵਜੇ ਫੌਜ ਦੇ ਦੋ ਵਾਹਨ ਜਵਾਨਾਂ ਨੂੰ ਲੈ ਕੇ ਓਪ੍ਰੇਸ਼ਨ ਵਾਲੀ ਥਾਂ ਵੱਲ ਜਾ ਰਹੇ ਸਨ ਜਦੋਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ  ਕੀਤੀ।

ਅੱਤਵਾਦੀ ਹਮਲੇ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਬਲ ਤਾਇਨਾਤ

ਪਿਛਲੇ ਇੱਕ ਮਹੀਨੇ ਵਿੱਚ ਰਾਜੌਰੀ ਅਤੇ ਪੁੰਛ ਦੇ ਖੇਤਰਾਂ ਵਿੱਚ ਫੌਜ ਦੀ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਇਹ ਦੂਜੀ ਵੱਡੀ ਵਾਰਦਾਤ ਹੈ। ਇਸ ਤੋਂ ਪਹਿਲਾਂ 23 ਅਤੇ 24 ਨਵੰਬਰ ਨੂੰ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਇਲਾਕੇ ਦੇ ਬਾਜੀ ਮੱਲ, ਬਰੇਵੀ ਵਿੱਚ ਮੁਕਾਬਲਾ ਹੋਇਆ ਸੀ, ਜਿਸ ਵਿੱਚ ਦੋ ਅਫ਼ਸਰਾਂ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ  ਦਿੱਤਾ।