ਬਹਾਦਰੀ ਦਾ ਇਤਿਹਾਸ ਰੱਖਣ ਵਾਲੀ ਭਾਰਤੀ ਫੌਜ ਦੀ 27 ਏਅਰ ਡਿਫੈਂਸ ਰੈਜੀਮੈਂਟ ਨੇ ਆਪਣਾ 51ਵਾਂ ਆਨਰ ਟਾਈਟਲ ਡੇਅ ‘ਅੰਮ੍ਰਿਤਸਰ ਏਅਰਫੀਲਡ’ ਸ਼ਾਨਦਾਰ ਢੰਗ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਜਵਾਨਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਮਾਤ ਭੂਮੀ ਦੀ ਰਾਖੀ ਕਰਦਿਆਂ ਆਪਣਾ ਫਰਜ਼ ਨਿਭਾਉਂਦੇ ਹੋਏ ਮਹਾਨ ਕੁਰਬਾਨੀ ਦਿੱਤੀ। ਲੈਫਟੀਨੈਂਟ ਜਨਰਲ ਨਵ ਕੁਮਾਰ ਖੰਡੂਰੀ, ਜਨਰਲ ਅਫਸਰ ਕਮਾਂਡਿੰਗ-ਇਨ-ਚੀਫ, ਪੱਛਮੀ ਕਮਾਂਡ ਨੇ ਯਾਦਗਾਰ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਇਸ ਮੌਕੇ ਕਰਵਾਏ ਗਏ ਸੈਨਿਕ ਸੰਮੇਲਨ ਨੂੰ ਵੀ ਸੰਬੋਧਨ ਕੀਤਾ। ਲੈਫਟੀਨੈਂਟ ਜਨਰਲ ਖੰਡੂਰੀ ਨੇ ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੀਰ ਨਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ੁੱਭ ਇੱਛਾਵਾਂ ਪ੍ਰਗਟਾਈਆਂ।
ਅਸਮਾਨ ਦੀ ਰਾਖੀ ਕਰਨ ਵਾਲੀ ਭਾਰਤੀ ਫੌਜ ਦੀ ਇਸ ਯੂਨਿਟ ਦਾ ਮਾਟੋ ਹੈ ‘ਆਕਾਸ਼ ਸ਼ਤਰੂਨ ਜਾਹੀ’। ਇਸ ਦਾ ਅਰਥ ਹੈ- ਆਕਾਸ਼ ਵਿੱਚ ਹੀ ਦੁਸ਼ਮਣ ਨੂੰ ਮਾਰਨਾ।
27 ਏਅਰ ਡਿਫੈਂਸ ਰੈਜੀਮੈਂਟ ਦਾ ਇਤਿਹਾਸ:
ਜਦੋਂ 1 ਫਰਵਰੀ 1942 ਨੂੰ 27 ਏਅਰ ਡਿਫੈਂਸ ਰੈਜੀਮੈਂਟ ਦਾ ਗਠਨ ਕੀਤਾ ਗਿਆ ਸੀ, ਇਸ ਨੂੰ 3 ਇੰਡੀਅਨ ਲਾਈਟ ਐਂਟੀ ਏਅਰਕ੍ਰਾਫਟ ਰੈਜੀਮੈਂਟ ਕਿਹਾ ਜਾਂਦਾ ਸੀ। ਮੇਜਰ ਐਚ. ਟੀ. ਹੋਗਨ ਤਤਕਾਲੀ ਕਮਾਂਡਿੰਗ ਅਫਸਰ ਸਨ, ਜੋ ਬਾਅਦ ਵਿੱਚ ਲੈਫਟੀਨੈਂਟ ਕਰਨਲ ਬਣੇ। ਇਸ ਯੂਨਿਟ ਵਿੱਚ ਜ਼ਿਆਦਾਤਰ ਦੱਖਣੀ ਭਾਰਤ ਤੋਂ ਜਵਾਨ ਭਰਤੀ ਕੀਤੇ ਗਏ ਸਨ। ਗਠਨ ਦੇ ਸਮੇਂ, ਇਸ ਵਿੱਚ 40 ਐੱਮਐੱਮ ਬੋਫੋਰਸ ਐੱਲ-60 ਅਤੇ ਅਮਰੀਕੀ ਐਂਟੀ ਏਅਰ ਕ੍ਰਾਫਟ ਗਨ ਸਨ। ਦੂਜੀ ਸੰਸਾਰ ਜੰਗ ਦੌਰਾਨ ਰੈਜੀਮੈਂਟ ਦੀਆਂ ਵੱਖ-ਵੱਖ ਉਪ-ਯੂਨਿਟਾਂ ਨੂੰ ਚਿਟਗਾਓ, ਸੀਲੋਨ, ਬੰਬਈ ਅਤੇ ਕਲਕੱਤਾ ਵਿੱਚ ਤਾਇਨਾਤ ਕੀਤਾ ਗਿਆ ਸੀ, ਬਾਅਦ ਵਿੱਚ ਰੈਜੀਮੈਂਟ ਨੂੰ ਵੱਖ-ਵੱਖ ਕਿਸਮ ਦੇ ਹਥਿਆਰਾਂ ਦੀ ਸਿਖਲਾਈ ਲਈ ਵਿਸ਼ਾਖਾਪਟਨਮ ਭੇਜਿਆ ਗਿਆ ਸੀ। ਜੰਗ ਤੋਂ ਬਾਅਦ ਇਸਨੂੰ ਕੋਇੰਬਟੂਰ ਭੇਜਿਆ ਗਿਆ ਅਤੇ ਜਦੋਂ ਭਾਰਤ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਇਆ, ਤਾਂ ਫਰਵਰੀ 1965 ਵਿੱਚ ਇਸਦਾ ਨਾਂਅ ਬਦਲ ਕੇ 27 ਏਅਰ ਡਿਫੈਂਸ ਰੈਜੀਮੈਂਟ ਰੱਖਿਆ ਗਿਆ।
‘ਅੰਮ੍ਰਿਤਸਰ ਏਅਰਫੀਲਡ’ ਸਨਮਾਨ:
1965 ਦੀ ਜੰਗ ਵਿੱਚ ਪੱਛਮੀ ਕਮਾਂਡ ਵਿੱਚ ਰਹਿੰਦੇ ਹੋਏ ਇਸ ਨੇ ਹਵਾਈ ਰੱਖਿਆ ਲਈ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਗਨਰਸ ਨੂੰ ਇਸ ਲੜਾਈ ਲਈ 2 ਵੀਰ ਚੱਕਰ, 2 ਸੈਨਾ ਮੈਡਲ ਅਤੇ 5 ਮੇਨਸ਼ਨ ਇਨ ਡਿਸਪੈਚ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ‘ਅੰਮ੍ਰਿਤਸਰ ਏਅਰਫੀਲਡ’ ਦਾ ਬੈਟਲ ਆਨਰ ਟਾਈਟਲ 27 ਏਅਰ ਡਿਫੈਂਸ ਰੈਜੀਮੈਂਟ ਦੇ ਬੈਟਲ ਆਨਰ ਨੂੰ 1971 ਵਿੱਚ ਦਿੱਤਾ ਗਿਆ ਸੀ। ਪਾਕਿਸਤਾਨ ਨਾਲ 1971 ਦੀ ਜੰਗ ਵਿੱਚ ਇਸ ਦੀ ਐੱਲ-60 ਤੋਪ ਨਾਲ ਕੀਤੇ ਕਾਰਨਾਮੇ ਯਾਦਗਾਰੀ ਕਹੇ ਜਾਂਦੇ ਹਨ। 27 ਏਅਰ ਡਿਫੈਂਸ ਰੈਜੀਮੈਂਟ ਨੂੰ 1971 ਦੀ ਜੰਗ ਵਿੱਚ 3 ਵੀਰ ਚੱਕਰ, 1 ਸੈਨਾ ਮੈਡਲ ਅਤੇ 2 ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਕਾਸ਼ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਇਸ ਰੈਜੀਮੈਂਟ ਦੇ ਜਵਾਨਾਂ ਨੇ ਧਰਤੀ ਤੋਂ ਅਸਮਾਨ ਤੱਕ ਆਪਣੇ ਨਿਸ਼ਾਨੇ ਨੂੰ ਨਿਸ਼ਾਨਾ ਬਣਾ ਕੇ ਕਈ ਵਾਰ ਗਣਰਾਜ ਦਿਵਸ ਪਰੇਡ ਵਿੱਚ ਹਿੱਸਾ ਲਿਆ ਹੈ। ਇਸ ਦੀਆਂ ਇਕਾਈਆਂ ਨੇ ਜਿੱਥੇ ਵੱਖ-ਵੱਖ ਅੱਤਵਾਦ ਵਿਰੋਧੀ ਅਤੇ ਘੁਸਪੈਠ ਵਿਰੋਧੀ ਓਪ੍ਰੇਸ਼ਨਾਂ ਵਿੱਚ ਹਿੱਸਾ ਲਿਆ ਹੈ, ਉੱਥੇ ਹੀ ਗੁਜਰਾਤ ਵਿੱਚ 2001 ਵਿੱਚ ਆਏ ਭੂਚਾਲ ਦੌਰਾਨ ਰਾਹਤ ਕਾਰਜਾਂ ਵਿੱਚ ਵੀ ਵਧੀਆ ਕੰਮ ਕੀਤਾ ਹੈ। ਇਸ ਦੇ ਲਈ ਦੱਖਣੀ ਕਮਾਨ ਦੇ ਜੀਓਸੀ ਨੇ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਰੈਜੀਮੈਂਟ ਦੀ ਸ਼ਲਾਘਾ ਵੀ ਕੀਤੀ ਸੀ।