ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਅਤੇ ਕੁਝ ਹੋਰ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦੀ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਇਸ ਪਾਬੰਦੀ ਨੂੰ ਲਗਾਉਣ ਦੀ ਵਿਵਸਥਾ ਅਮਰੀਕੀ ਕਾਂਗਰਸ (ਸੰਸਦ) ਵਿੱਚ ਪੇਸ਼ ਕੀਤੇ ਜਾਣ ਵਾਲੇ ‘ਪਾਕਿਸਤਾਨ ਡੈਮੋਕ੍ਰੇਸੀ ਐਕਟ’ ਵਿੱਚ ਰੱਖੀ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਕੁਮਤ ਵਿੱਚ ਵਾਪਸ ਆਏ ਡੋਨਾਲਡ ਟ੍ਰੰਪ ਦੀ ਰਿਪਬਲਿਕਨ ਪਾਰਟੀ ਦੇ ਕਾਂਗਰਸ ਮੈਂਬਰ ਜੋਅ ਵਿਲਸਨ ਨੇ ਇਸ ਬਿੱਲ ਦੇ ਮਤੇ ਨੂੰ ਪੂਰਾ ਕਰ ਲਿਆ ਹੈ ਅਤੇ ਇਸਨੂੰ ਅਮਰੀਕੀ ਸੰਸਦ ਵਿੱਚ ਲਿਆਉਣ ਦਾ ਐਲਾਨ ਕੀਤਾ ਹੈ।
ਜੋਅ ਵਿਲਸਨ ਨੇ ਇਸ ਮਤੇ ਦੀ ਤਸਵੀਰ ਸੋਸ਼ਲ ਮੀਡੀਆ ਐਕਸ ‘ਤੇ ਸਾਂਝੀ ਕਰਦੇ ਹੋਏ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਜਨਰਲ ਮੁਨੀਰ ਦੇ ਵਿਦੇਸ਼ ਯਾਤਰਾ ਕਰਨ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਆਪਣੀ ਪੋਸਟ ਵਿੱਚ, ਉਸਨੇ ਇਨ੍ਹਾਂ ਪਾਬੰਦੀਆਂ ਦੇ ਦਾਇਰੇ ਦੀ ਸਮੀਖਿਆ ਕਰਨ ਬਾਰੇ ਵੀ ਗੱਲ ਕੀਤੀ ਹੈ ਤਾਂ ਜੋ ਇਨ੍ਹਾਂ ਨੂੰ ਪਾਕਿਸਤਾਨੀ ਫੌਜ ਦੇ ਹੋਰ ਜਨਰਲਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਵਧਾਇਆ ਜਾ ਸਕੇ। ਹਾਲਾਂਕਿ, ਇਸਨੂੰ ਪਾਕਿਸਤਾਨ ਵਿੱਚ ਕੈਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਲਈ ਦਬਾਅ ਬਣਾਉਣ ਦੇ ਇੱਕ ਤਰੀਕੇ ਵਜੋਂ ਮੰਨਿਆ ਜਾ ਰਿਹਾ ਹੈ।
ਮਤੇ ਵਿੱਚ ਪਾਬੰਦੀਆਂ ਲਾਉਣ ਲਈ 30 ਦਿਨਾਂ ਦਾ ਸਮਾਂ ਰੱਖਿਆ ਗਿਆ ਹੈ। ਅਮਰੀਕਾ ਪਾਕਿਸਤਾਨ ਵਿੱਚ ‘ਲੋਕਰਾਜ ਦੀ ਬਹਾਲੀ’ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਜੋਅ ਵਿਲਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਲੋਕਰਾਜ ਦੀ ਬਹਾਲੀ ਅਮਰੀਕੀ ਨੀਤੀ ਦਾ ਹਿੱਸਾ ਹੈ।
ਅਮਰੀਕੀ ਕਾਂਗਰਸਮੈਨ ਜੋਅ ਵਿਲਸਨ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਫੌਜ ਮੁਖੀ ‘ਤੇ ਪਾਬੰਦੀਆਂ ਲਗਾਉਣ ਦੀ ਮੰਗ ਕਰਨ ਵਾਲੇ ਬਿੱਲ ਦਾ ਖਰੜਾ ਤਿਆਰ ਕਰਨ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਨੇ “ਸ਼ੁਕਰਗੁਜ਼ਾਰੀ” ਪ੍ਰਗਟ ਕੀਤੀ ਹੈ ਕਿ ਇਹ ਹੁਣ ਤਿਆਰ ਹੈ।