ਪੈਰਿਸ ਓਲੰਪਿਕ 2024: ਭਾਰਤੀ ਖਿਡਾਰੀਆਂ ਵਿੱਚ 20 ਫੀਸਦੀ ਫੌਜੀ, 2 ਮਹਿਲਾ ਫੌਜੀ ਵੀ ਸ਼ਾਮਲ

37
ਪੈਰਿਸ ਓਲੰਪਿਕ 2024 ਲਈ ਜਾ ਰਹੇ ਫੌਜੀ ਅਥਲੀਟ (ਫਾਈਲ ਫੋਟੋ)

ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ 26 ਜੁਲਾਈ, 2024 ਤੋਂ ਸ਼ੁਰੂ ਹੋ ਰਹੇ ਓਲੰਪਿਕ ਮੁਕਾਬਲਿਆਂ (Paris Olympics 2024)  ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ 20 ਫੀਸਦੀ ਖਿਡਾਰੀ ਵੱਖ-ਵੱਖ ਫੌਜੀ ਦਸਤਿਆਂ ਅਰਥਾਤ ਜ਼ਮੀਨੀ ਫੌਜ (Army), ਸਮੁੰਦਰੀ ਫੌਜ (Navy) ਅਤੇ ਹਵਾਈ ਫੌਜ (Air Force) ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦ ਭਾਰਤੀ ਮਹਿਲਾ ਸਿਪਾਹੀ ਵੀ ਓਲੰਪਿਕ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੀ ਗਿਣਤੀ ਸਿਰਫ਼ ਦੋ ਹੈ। ਇਹ ਹਨ ਹੌਲਦਾਰ (Havildar), ਜੈਸਮੀਨ ਲੰਬੋਰੀਆ (Jaismine Lamboria) ਅਤੇ ਚੀਫ ਪੈਟੀ ਅਫਸਰ (Chief Petty Officer) ਰਿਤਿਕਾ ਹੁੱਡਾ (Ritika Hooda)।

ਫੌਜ ਦੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੈਰਿਸ ਓਲੰਪਿਕ 2024 ਵਿੱਚ ਜਾਣ ਵਾਲੇ 117 ਭਾਰਤੀ ਅਥਲੀਟਾਂ ਵਿੱਚੋਂ 24 ਹਥਿਆਰਬੰਦ ਬਲਾਂ ਦੇ ਜਵਾਨ ਪੂਰੀ ਤਰ੍ਹਾਂ ਤਿਆਰ ਹਨ। ਇਹਨਾਂ 24 ਅਥਲੀਟਾਂ ਵਿੱਚੋਂ ਸਟਾਰ ਜੈਵਲਿਨ ਥ੍ਰੋਅਰ ਸੂਬੇਦਾਰ ਨੀਰਜ ਚੋਪੜਾ ਸਮੇਤ 22 ਪੁਰਸ਼ ਹਨ, ਅਤੇ ਦੋ ਔਰਤਾਂ ਹਨ, ਜੋ ਕਿ ਓਲੰਪਿਕ ਵਿੱਚ ਪਹਿਲੀ ਵਾਰ ਮਹਿਲਾ ਫੌਜੀ ਅਥਲੀਟਾਂ ਦੀ ਭਾਗੀਦਾਰੀ ਨੂੰ ਦਰਸਾਉਂਦੀਆਂ ਹਨ।

ਟੋਕੀਓ ਓਲੰਪਿਕ 2020 ਸੋਨ ਤਗਮਾ ਜੇਤੂ ਸੂਬੇਦਾਰ ਨੀਰਜ ਚੋਪੜਾ ਇੱਕ ਵਾਰ ਫਿਰ ਚੋਟੀ ਦੇ ਸਨਮਾਨਾਂ ਲਈ ਮੁਕਾਬਲਾ ਕਰਨਗੇ, ਕਿਉਂਕਿ ਪੈਰਿਸ ਓਲੰਪਿਕ ਵਿੱਚ ਉਨ੍ਹਾਂ ਦੀ ਭਾਗੀਦਾਰੀ ਬੇਮਿਸਾਲ ਪ੍ਰਦਰਸ਼ਨ ‘ਤੇ ਅਧਾਰਿਤ ਹੈ। ਉਨ੍ਹਾਂ ਨੇ 2023 ਏਸ਼ੀਆਈ ਖੇਡਾਂ, 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 2024 ਡਾਇਮੰਡ ਲੀਗ ਅਤੇ 2024 ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਗਮੇ ਜਿੱਤੇ।

ਰਾਸ਼ਟਰਮੰਡਲ ਖੇਡਾਂ 2022 (Common Wealth Games 2022) ਦੀ ਕਾਂਸੀ ਤਮਗਾ ਜੇਤੂ ਹੌਲਦਾਰ ਜੈਸਮੀਨ ਲਾਂਬੋਰੀਆ ਅਤੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2023 ਦੀ ਕਾਂਸੀ ਤਮਗਾ ਜੇਤੂ ਸੀ.ਪੀ.ਓ (CPO) ਰਿਤਿਕਾ ਹੁੱਡਾ ਮਹਿਲਾ ਸੇਵਾ ਕਰਮਚਾਰੀ ਹਨ ਜੋ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਹਨ। ਜੈਸਮੀਨ ਬਾਕਸਿੰਗ ਵਿੱਚ ਅਤੇ ਰਿਤਿਕਾ ਕੁਸ਼ਤੀ ਵਿੱਚ ਮੁਕਾਬਲਾ ਕਰੇਗੀ।

ਹੋਰ ਫੌਜੀ ਖਿਡਾਰੀਆਂ ਵਿੱਚ ਸੂਬੇਦਾਰ ਅਮਿਤ ਪੰਘਾਲ (ਬਾਕਸਿੰਗ), ਸੀਪੀਓ ਤਜਿੰਦਰਪਾਲ ਸਿੰਘ ਤੂਰ (ਸ਼ਾਟ-ਪੁੱਟ), ਸੂਬੇਦਾਰ ਅਵਿਨਾਸ਼ ਮੁਕੁੰਦ ਸਾਬਲ (3000 ਮੀਟਰ ਸਟੀਪਲਚੇਜ਼), ਸੀਪੀਓ ਮੁਹੰਮਦ ਅਨਸ ਯਾਹੀਆ, ਪੀਓ (ਜੀਡਬਲਿਊਓ) ਮੁਹੰਮਦ ਅਜਮਲ, ਸੂਬੇਦਾਰ ਸੰਤੋਸ਼ ਕੁਮਾਰ ਤਮਿਲਰਾਸਨ ਅਤੇ ਜੇਡਬਲਿਊਓ ਮਿਜ਼ੋ ਸ਼ਾਮਲ ਹਨ। ਚਾਕੋ ਕੁਰੀਅਨ (4X400m ਪੁਰਸ਼ ਰਿਲੇਅ); JWO ਅਬਦੁੱਲਾ ਅਬੂਬਕਰ (ਤੀਹਰੀ ਛਾਲ), ਸੂਬੇਦਾਰ ਤਰੁਣਦੀਪ ਰਾਏ ਅਤੇ ਸੂਬੇਦਾਰ ਧੀਰਜ ਬੋਮਾਦੇਵਰਾ (ਤੀਰਅੰਦਾਜ਼ੀ) ਅਤੇ ਨਾਇਬ ਸੂਬੇਦਾਰ ਸੰਦੀਪ ਸਿੰਘ (ਸ਼ੂਟਿੰਗ) ਭਾਗ ਲੈਣਗੇ।