ਭਾਰਤੀ ਮੂਲ ਦੇ ਕਾਸ਼ਯਪ ਪ੍ਰਮੋਦ ਵਿਨੋਦ ਪਟੇਲ ‘ਕਾਸ਼’ ਨੂੰ ਅਮਰੀਕਾ ਦੀ ਖੁਫੀਆ ਅਤੇ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਆਮ ਤੌਰ ‘ਤੇ ਉਹ ਆਪਣੀ ਪਛਾਣ ਕਾਸ਼ ਪਟੇਲ ਦੇ ਨਾਮ ਨਾਲ ਕਰਦੇ ਹਨ। ਪੇਸ਼ੇ ਤੋਂ ਵਕੀਲ ਕਾਸ਼ ਪਟੇਲ ਨੇ ਸ਼ਨੀਵਾਰ ਨੂੰ ਐੱਫਬੀਆਈ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ।
ਇਹ ਡੋਨਾਲਡ ਟ੍ਰੰਪ ਵੱਲੋਂ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਕੀਤੀਆਂ ਗਈਆਂ ਮਹੱਤਵਪੂਰਨ ਨਿਯੁਕਤੀਆਂ ਵਿੱਚੋਂ ਇੱਕ ਹੈ। ਕਾਸ਼ ਪਟੇਲ ਦੀ ਐੱਫਬੀਆਈ ਮੁਖੀ ਵਜੋਂ ਨਿਯੁਕਤੀ ਦਾ ਟ੍ਰੰਪ ਦੇ ਰਾਜਨੀਤਿਕ ਵਿਰੋਧੀਆਂ ਨੇ ਵੀ ਵਿਰੋਧ ਕੀਤਾ ਹੈ।
45 ਸਾਲਾ ਕਾਸ਼ ਪਟੇਲ (ਜਨਮ 25 ਫਰਵਰੀ, 1980) ਨੂੰ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਐੱਫਬੀਆਈ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਸੀ। ਅਮਰੀਕੀ ਸੈਨੇਟ ਨੇ ਕਾਸ਼ ਪਟੇਲ ਦੀ ਨਾਮਜ਼ਦਗੀ ਨੂੰ 51-47 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ। ਡੈਮੋਕ੍ਰੇਟਸ ਨੇ ਇਸਦਾ ਵਿਰੋਧ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਕਾਸ਼ ਪਟੇਲ ਅਸਲ ਵਿੱਚ ਰਿਪਬਲਿਕਨ ਪਾਰਟੀ ਦਾ ਮੈਂਬਰ ਸੀ ਅਤੇ ਟ੍ਰੰਪ ਦੇ ਕਰੀਬੀ ਸੀ। ਅਜਿਹੀ ਸਥਿਤੀ ਵਿੱਚ ਟ੍ਰੰਪ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਸ਼ਕਤੀਸ਼ਾਲੀ ਅਤੇ ਭਰਪੂਰ ਸਰੋਤਾਂ ਵਾਲੀ ਸੰਘੀ ਖੁਫੀਆ ਅਤੇ ਜਾਂਚ ਏਜੰਸੀ, ਜਿਸ ਵਿੱਚ 38 ਹਜ਼ਾਰ ਤੋਂ ਵੱਧ ਮੁਲਾਜ਼ਮ ਹਨ, ਦੀ ਦੁਰਵਰਤੋਂ ਕਰਨਗੇ।
ਉਂਝ, ਕਾਸ਼ ਪਟੇਲ ਨੇ ਪਵਿੱਤਰ ਗ੍ਰੰਥ ਭਾਗਵਦ ਗੀਤਾ ਨੂੰ ਗਵਾਹ ਵਜੋਂ ਰੱਖ ਕੇ ਐੱਫਬੀਆਈ ਦੇ ਡਾਇਰੈਕਟਰ ਵਜੋਂ ਸਹੁੰ ਚੁੱਕੀ। ਕਾਸ਼ ਪਟੇਲ ਐੱਫਬੀਆਈ ਦੇ ਨੌਵੇਂ ਡਾਇਰੈਕਟਰ ਹਨ। ਇਸ ਅਹੁਦੇ ‘ਤੇ ਕਿਸੇ ਵੀ ਅਧਿਕਾਰੀ ਦਾ ਵੱਧ ਤੋਂ ਵੱਧ ਕਾਰਜਕਾਲ 10 ਸਾਲ ਤੱਕ ਹੋ ਸਕਦਾ ਹੈ।
ਕਾਸ਼ ਪਟੇਲ ਤੋਂ ਪਹਿਲਾਂ, ਕ੍ਰਿਸਟੋਫਰ ਅਸ਼ਰ ਰੇ ਐੱਫਬੀਆਈ ਦੇ ਡਾਇਰੈਕਟਰ ਸਨ, ਜਿਨ੍ਹਾਂ ਦਾ ਕਾਰਜਕਾਲ ਸੱਤ ਸਾਲ (ਅਗਸਤ 2017 ਤੋਂ ਜਨਵਰੀ 2024 ਤੱਕ) ਸੀ। ਉਨ੍ਹਾਂ ਨੂੰ ਡੋਨਾਲਡ ਟ੍ਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਜੋਅ ਬਾਇਡੇਨ ਦੇ ਕਾਰਜਕਾਲ ਦੌਰਾਨ ਵੀ ਇਸ ਅਹੁਦੇ ‘ਤੇ ਰਹੇ। ਪਰ ਹਾਲ ਹੀ ਵਿੱਚ, 19 ਜਨਵਰੀ 2025 ਨੂੰ ਡੋਨਾਲਡ ਟ੍ਰੰਪ ਵੱਲੋਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਦਿਨ ਪਹਿਲਾਂ (20 ਜਨਵਰੀ 2025), ਕ੍ਰਿਸਟੋਫਰ ਅਸ਼ਰ ਰੇਅ ਨੇ ਐੱਫਬੀਆਈ ਮੁਖੀ ਦਾ ਅਹੁਦਾ ਛੱਡ ਦਿੱਤਾ।
ਕਾਸ਼ ਪਟੇਲ ਦੀ ਯੋਜਨਾ:
ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਦੇ ਅਨੁਸਾਰ, ਕਾਸ਼ ਪਟੇਲ ਵਾਸ਼ਿੰਗਟਨ ਤੋਂ 1,000 ਮੁਲਾਜ਼ਮਾਂ ਨੂੰ ਦੇਸ਼ ਭਰ ਦੇ ਖੇਤਰੀ ਦਫ਼ਤਰਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਹੰਟਸਵਿਲੇ, ਅਲਾਬਾਮਾ ਵਿੱਚ ਇੱਕ ਵੱਡਾ ਐੱਫਬੀਆਈ ਦਫ਼ਤਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ 500 ਵਾਧੂ ਮੁਲਾਜ਼ਮ ਰਹਿ ਸਕਦੇ ਹਨ।
ਐੱਫਬੀਆਈ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਡਾਇਰੈਕਟਰ ਪਟੇਲ ਨੇ ਅਮਰੀਕੀ ਲੋਕਾਂ ਨਾਲ ਆਪਣਾ ਵਾਅਦਾ ਸਪੱਸ਼ਟ ਕਰ ਦਿੱਤਾ ਹੈ ਕਿ ਐੱਫਬੀਆਈ ਏਜੰਟ ਹਿੰਸਕ ਅਪਰਾਧਾਂ ਦਾ ਮੁਕਾਬਲਾ ਕਰਨ ‘ਤੇ ਕੇਂਦ੍ਰਿਤ ਕਰਨ ਵਾਲੇ ਭਾਈਚਾਰਿਆਂ ਵਿੱਚੋਂ ਹੋਣਗੇ। ਉਨ੍ਹਾਂ ਨੇ ਐੱਫਬੀਆਈ ਲੀਡਰਸ਼ਿਪ ਨੂੰ ਇਸ ਵਾਅਦੇ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਯੋਜਨਾ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ।”
ਟ੍ਰੰਪ ਦੀ ਟਿੱਪਣੀ:
ਇਸ ਦੇ ਨਾਲ ਹੀ ਡੋਨਾਲਡ ਟ੍ਰੰਪ ਨੇ ਕਾਸ਼ ਪਟੇਲ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਲਈ ਆਪਣਾ ਮਜ਼ਬੂਤ ਸਮਰਥਨ ਪ੍ਰਗਟ ਕੀਤਾ ਹੈ। ਕਾਸ਼ ਪਟੇਲ ਦੇ ਐੱਫਬੀਆਈ ਡਾਇਰੈਕਟਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਡੋਨਾਲਡ ਟ੍ਰੰਪ ਨੇ ਕਿਹਾ, “ਕਾਸ਼ (ਪਟੇਲ) ਨੂੰ ਪਿਆਰ ਕਰਨ ਅਤੇ ਇਸ ਅਹੁਦੇ ‘ਤੇ ਬਿਠਾਉਣ ਦਾ ਮੁੱਖ ਕਾਰਨ ਹੈ ਕਿ ਏਜੰਟ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਨੂੰ ਇਸ ਅਹੁਦੇ ‘ਤੇ ਰਹਿਣ ਵਾਲੇ ਸਭ ਤੋਂ ਵਧੀਆ ਆਦਮੀ ਵਜੋਂ ਯਾਦ ਕੀਤਾ ਜਾਵੇਗਾ।”