ਦੇਰ ਨਾਲ ਹੀ ਸਹੀ ਸੀਆਰਪੀਐੱਫ ਦੇ ਵਿਭੋਰ ਸਿੰਘ ਨੂੰ ਮਿਲੀਆ ਸ਼ੌਰਿਆ ਚੱਕਰ

30
ਸੀਆਰਪੀਐੱਫ ਦੇ ਅਸਿਸਟੈਂਟ ਕਮਾਂਡੈਂਟ ਵਿਭੋਰ ਸਿੰਘ

ਦੇਰ ਆਇਦ ਦੁਰੁਸਤ ਆਇਦ…! ਇਹ ਫਾਰਸੀ ਕਹਾਵਤ ਬਹਾਦੁਰ ਵਿਭੋਰ ਸਿੰਘ ਦੀ ਬਹਾਦੁਰੀ ਅਤੇ ਦਲੇਰੀ ਲਈ ਸਰਕਾਰ ਵੱਲੋਂ ਸਨਮਾਨ ਦੇਣ ਦੇ ਮਾਮਲੇ ਨੂੰ ਸਾਬਤ ਕਰਦੀ ਹੈ। ਸਰਕਾਰ ਨੇ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਵਿਭੋਰ ਸਿੰਘ ਨੂੰ ਬਹਾਦੁਰੀ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਨਕਸਲੀਆਂ ਨਾਲ ਹੋਏ ਜ਼ਬਰਸਦਤ ਮੁਕਾਬਲੇ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਇੱਕ ਵਾਰ ਤਾਂ ਵਿਭੋਰ ਸਿੰਘ ਦੀ ਬਹਾਦੁਰੀ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਅਤੇ ਉਸ ਨੂੰ ਇਸ ਦੇ ਯੋਗ ਨਹੀਂ ਸਮਝਿਆ ਗਿਆ।

ਗਣਰਾਜ ਦਿਹਾੜਾ ਦੀ ਪੂਰਵ ਸੰਧਿਆ ‘ਤੇ ਸੀ.ਆਰ.ਪੀ.ਐੱਫ. ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ 75ਵੇਂ ਗਣਰਾਜ ਦਿਹਾੜਾ ਦੇ ਮੌਕੇ ‘ਤੇ ਅਸਿਸਟੈਂਟ ਕਮਾਂਡੈਂਟ ਵਿਭੋਰ ਸਿੰਘ ਨੂੰ ਉਨ੍ਹਾਂ ਦੇ ਬੇਮਿਸਾਲ ਸਾਹਸੀ ਕੰਮ ਲਈ ਸ਼ੌਰਿਆ ਚੱਕਰ ਦੇਣ ਦਾ ਐਲਾਨ ਕੀਤਾ ਹੈ।

ਜ਼ਖ਼ਮੀ ਹੋਏ ਅਸਿਸਟੈਂਟ ਕਮਾਂਡੈਂਟ ਵਿਭੋਰ ਸਿੰਘ ਨੂੰ ਇਲਾਜ ਲਈ ਦਿੱਲੀ ਲੈ ਜਾਇਆ ਗਿਆ

ਵਿਭੋਰ ਸਿੰਘ ਦੀ ਦਲੇਰੀ ਅਤੇ ਬਹਾਦੁਰੀ:

ਇਹ 25 ਫਰਵਰੀ 1922 ਦੀ ਘਟਨਾ ਹੈ। ਉਹ ਸਥਾਨ ਬਿਹਾਰ ਦੇ ਔਰੰਗਾਬਾਦ ਵਿੱਚ ਛਕਰਬੰਧਾ ਦਾ ਜੰਗਲ ਸੀ। ਇੱਥੇ ਸੀ.ਆਰ.ਪੀ.ਐੱਫ ਨੇ ਨਕਸਲੀਆਂ ਖਿਲਾਫ ਓਪ੍ਰੇਸ਼ਨ ਚਲਾਇਆ ਸੀ। ਸੀਆਰਪੀਐੱਫ ਦੀ 205 ਕੋਬਰਾ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਵਿਭੋਰ ਸਿੰਘ ਦੀ ਅਗਵਾਈ ਹੇਠ ਜਵਾਨ ਨਕਸਲੀਆਂ ਦੇ ਜਵਾਬੀ ਹਮਲੇ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਵਿਭੋਰ ਸਿੰਘ ਬੰਬ ਧਮਾਕੇ ਦੀ ਲਪੇਟ ਵਿੱਚ ਆ ਗਿਆ। ਬੁਰੀ ਤਰ੍ਹਾਂ ਜ਼ਖ਼ਮੀ ਵਿਭੋਰ ਸਿੰਘ ਦੀ ਇੱਕ ਲੱਤ ਟੁੱਟ ਗਈ ਸੀ ਪਰ ਉਨ੍ਹਾਂ ਨੇ ਨਾ ਤਾਂ ਮੈਦਾਨ ਛੱਡਿਆ ਅਤੇ ਨਾ ਹੀ ਰਾਈਫਲ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਦਾ ਮਨੋਬਲ ਉੱਚਾ ਰੱਖਿਆ ਤਾਂ ਜੋ ਨਕਸਲ ਵਿਰੋਧੀ ਮੁਹਿੰਮ ਕਮਜੋਰ ਨਾ ਹੋ ਜਾਵੇ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਨਕਸਲੀਆਂ ਨੂੰ ਭਜਾਉਣ ‘ਚ ਸਫਲਤਾ ਮਿਲੀ। ਪਰ ਇਹਨਾਂ ਹਲਾਤਾਂ ਵਿੱਚ ਵਿਭੋਰ ਸਿੰਘ ਦਾ ਬਹੁਤ ਖੂਨ ਵਹਿ ਗਿਆ ਅਤੇ ਵਿਭੋਰ ਸਿੰਘ ਦੀ ਜਾਨ ਵੀ ਖਤਰੇ ਵਿੱਚ ਸੀ। ਸਹਾਇਕ ਕਮਾਂਡੈਂਟ ਵਿਭੋਰ ਸਿੰਘ ਨੂੰ ਕਈ ਘੰਟਿਆਂ ਬਾਅਦ ਉੱਥੋਂ ਕੱਢਿਆ ਜਾ ਸਕਿਆ। ਬਾਅਦ ਵਿੱਚ ਉਨ੍ਹਾਂ ਨੂੰ ਦਿੱਲੀ ਵੀ ਲਿਆਂਦਾ ਗਿਆ ਪਰ ਉਸ ਦੀ ਦੂਜੀ ਲੱਤ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਇਸ ਲਈ ਡਾਕਟਰਾਂ ਨੂੰ ਵਿਭੋਰ ਸਿੰਘ ਦੀਆਂ ਦੋਵੇਂ ਲੱਤਾਂ ਗੋਡਿਆਂ ਤੋਂ ਹੇਠਾਂ ਕੱਟਣੀਆਂ ਪਈਆਂ।

ਸਨਮਾਨ ਦੀ ਮੰਗ:

ਸਹਾਇਕ ਕਮਾਂਡੈਂਟ ਵਿਭੋਰ ਸਿੰਘ ਦੇ ਇਸ ਦਲੇਰੀ ਭਰੇ ਕੰਮ ਅਤੇ ਬਹਾਦੁਰੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਵੱਖ-ਵੱਖ ਮੰਚਾਂ ‘ਤੇ ਮੰਗ ਕੀਤੀ ਗਈ। ਉਨ੍ਹਾਂ ਦੇ ਸੀਨੀਅਰ ਅਫਸਰਾਂ ਨੇ ਵੀ ਇਸ ਦੀ ਸਿਫਾਰਿਸ਼ ਕੀਤੀ ਸੀ। ਇਸ ਮਾਮਲੇ ਵਿੱਚ ਕੋਰਟ ਆਫ਼ ਇਨਕੁਆਰੀ ਕਮੇਟੀ ਦੀ ਰਿਪੋਰਟ ਆਉਂਦਿਆਂ ਹੀ ਸੀਆਰਪੀਐੱਫ ਦੇ ਬਿਹਾਰ ਸੈਕਟਰ ਦੇ ਤਤਕਾਲੀ ਇੰਸਪੈਕਟਰ ਜਨਰਲ ਨੇ ਵਿਭੋਰ ਸਿੰਘ ਨੂੰ ਉਨ੍ਹਾਂ ਦੀ ਬਹਾਦੁਰੀ ਲਈ ਸਨਮਾਨਿਤ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਬਾਅਦ, ਸਤੰਬਰ 2022 ਵਿੱਚ, ਇੰਟਰਨੈਟ ‘ਤੇ ਇੱਕ ਜਨਤਕ ਅਪੀਲ ਦੇ ਨਾਲ change.org ‘ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਸ਼ੌਰਿਆ ਚੱਕਰ ਕੀ ਹੈ:

ਸ਼ੌਰਿਆ ਚੱਕਰ ਇੱਕ ਭਾਰਤੀ ਫੌਜੀ ਸਨਮਾਨ ਹੈ ਜੋ ਦੁਸ਼ਮਣ ਨਾਲ ਸਿੱਧੀ ਕਾਰਵਾਈ ਵਿੱਚ ਸ਼ਾਮਲ ਨਾ ਹੁੰਦੇ ਹੋਏ ਬਹਾਦੁਰੀ, ਦਲੇਰਾਨਾ ਕਾਰਵਾਈ ਜਾਂ ਆਤਮ-ਬਲੀਦਾਨ ਲਈ ਦਿੱਤਾ ਜਾਂਦਾ ਹੈ। ਸ਼ਾਂਤੀ ਦੇ ਸਮੇਂ ਵਿੱਚ ਦਿੱਤਾ ਜਾਣ ਵਾਲਾ ਇਹ ਸਨਮਾਨ ਆਮ ਨਾਗਰਿਕਾਂ ਦੇ ਨਾਲ-ਨਾਲ ਫੌਜ ਦੇ ਮੁਲਾਜ਼ਮਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਕਈ ਵਾਰ ਇਸ ਨੂੰ ਮਰਨ ਉਪਰੰਤ ਵੀ ਦਿੱਤਾ ਜਾਂਦਾ ਹੈ। ਸ਼ੌਰਿਆ ਚੱਕਰ ਸ਼ਾਂਤੀ ਸਮੇਂ ਦੇ ਬਹਾਦੁਰੀ ਪੁਰਸਕਾਰਾਂ ਦੀ ਤਰਜੀਹ ਦੇ ਕ੍ਰਮ ਵਿੱਚ ਤੀਜੇ ਸਥਾਨ ‘ਤੇ ਹੈ, ਜੋ ਅਸ਼ੋਕ ਚੱਕਰ ਅਤੇ ਕੀਰਤੀ ਚੱਕਰ ਤੋਂ ਬਾਅਦ ਆਉਂਦਾ ਹੈ।

ਸ਼ੌਰਿਆ ਚੱਕਰ ਦਾ ਇਤਿਹਾਸ:

ਸ਼ੌਰਿਆ ਚੱਕਰ ਦੀ ਸਥਾਪਨਾ ਭਾਰਤ ਦੇ ਰਾਸ਼ਟਰਪਤੀ ਵੱਲੋਂ 4 ਜਨਵਰੀ 1952 ਨੂੰ “ਅਸ਼ੋਕ ਚੱਕਰ ਦੀ ਤੀਜੀ ਸ਼੍ਰੇਣੀ” ਦੇ ਪੁਰਸਕਾਰ ਵਜੋਂ ਕੀਤੀ ਗਈ ਸੀ, ਜੋ ਕਿ 15 ਅਗਸਤ 1947 ਤੋਂ ਪ੍ਰਭਾਵੀ ਹੋ ਗਿਆ ਸੀ। 27 ਜਨਵਰੀ 1967 ਨੂੰ, ਨਿਯਮਾਂ ਨੂੰ ਸੋਧਿਆ ਗਿਆ ਅਤੇ ਸਜਾਵਟ ਦਾ ਨਾਮ ਬਦਲਿਆ ਗਿਆ। 1967 ਤੋਂ ਪਹਿਲਾਂ, ਇਸ ਪੁਰਸਕਾਰ ਨੂੰ ਅਸ਼ੋਕ ਚੱਕਰ, ਕਲਾਸ III ਵਜੋਂ ਜਾਣਿਆ ਜਾਂਦਾ ਸੀ।

ਪਹਿਲਾਂ ਸ਼ੌਰਿਆ ਚੱਕਰ ਸਿਰਫ਼ ਸੈਨਿਕਾਂ ਨੂੰ ਹੀ ਦਿੱਤਾ ਜਾਂਦਾ ਸੀ। ਜੁਲਾਈ 1999 ਤੋਂ, ਇਹ ਪੁਲਿਸ ਬਲਾਂ ਅਤੇ ਮਾਨਤਾ ਪ੍ਰਾਪਤ ਫਾਇਰ ਸਰਵਿਸਿਜ਼ ਦੇ ਮੈਂਬਰਾਂ ਤੋਂ ਇਲਾਵਾ, ਜੀਵਨ ਦੇ ਸਾਰੇ ਖੇਤਰਾਂ ਵਿੱਚ ਕਿਸੇ ਵੀ ਨਾਗਰਿਕ ਨੂੰ ਦਿੱਤਾ ਜਾ ਰਿਹਾ ਹੈ।