ਭਾਰਤ ਦੇ ਸਭ ਤੋਂ ਵੱਡੇ ਨੀਮ ਫੌਜੀ ਦਸਤੇ ਸੀਆਰਪੀਐੱਫ ਨੇ ਸ਼ੌਰਿਆ ਦਿਹਾੜੇ ਮੌਕੇ ਵੀਰ ਪਰਿਵਾਰ ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਰਾਹੀਂ ਸੀਆਰਪੀਐੱਫ ਦੇ ਉੱਚ ਅਧਿਕਾਰੀਆਂ ਨੇ ਆਪਣੇ ਅਦਾਰੇ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੁਸ਼ਕਿਲਾਂ ਦਾ ਛੇਤੀ ਤੋਂ ਛੇਤੀ ਹੱਲ਼ ਲੱਭਣ ਅਤੇ ਉਨ੍ਹਾਂ ਦੇ ਹਲਾਤ ਬਾਰੇ ਜਾਨਣ ਦਾ ਬਿਹਤਰੀਨ ਜ਼ਰੀਆ ਵੀ ਹਾਸਿਲ ਕੀਤਾ ਹੈ। ਇਸ ਐਪ ਰਾਹੀਂ ਸ਼ਹੀਦਾਂ ਦੇ ਪਰਿਵਾਰ ਆਪਣੀਆਂ ਦਿੱਕਤਾਂ ਅਤੇ ਸ਼ਿਕਾਇਤਾਂ ਫੌਰਨ ਸੀਨੀਅਰ ਜਾਂ ਸਬੰਧਿਤ ਅਫਸਰਾਂ ਤੱਕ ਪਹੁੰਚਾ ਸਕਣਗੇ।
ਸ਼ੌਰਿਆ ਦਿਹਾੜੇ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਚਣੱਕਿਆਪੁਰੀ ‘ਚ ਬਣੇ ਕੌਮੀ ਪੁਲਿਸ ਯਾਦਗਾਰ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇੱਥੇ ਰਾਸ਼ਟਰਪਤੀ ਨੇ ਡਿਉਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਦਹਿਸ਼ਤਗਰਦੀ ਹਮਲੇ ‘ਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਾਂਗੇ।
‘ਵੀਰ ਪਰਿਵਾਰ’ ਐਪ ਦੀ ਲਾਂਚਿੰਗ ਵੇਲੇ ਰਾਸ਼ਟਰਪਤੀ ਕੋਵਿੰਦ ਦੇ ਨਾਲ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ, ਆਈਬੀ ਦੇ ਡਾਇਰੈਕਟਰ ਰਾਜੀਵ ਜੈਨ ਅਤੇ ਸੀਆਰਪੀਐੱਫ ਦੇ ਡੀਜੀ ਰਾਜੀਵ ਰਾਇ ਭਟਨਾਗਰ ਦੇ ਨਾਲ ਹੀ ਕਈ ਪੁਲਿਸ ਅਦਾਰਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ
ਸੀਆਰਪੀਐੱਫ ਦੇ ਬੁਲਾਰੇ ਨੇ ਕਿਹਾ ਕਿ ਇਹ ਐਪ 24 ਘੰਟੇ ਕੰਮ ਕਰੇਗੀ ਅਤੇ ਐਪ ‘ਤੇ ਦਰਜ ਹੋਣ ਵਾਲੇ ਮਸਲਿਆਂ ਨੂੰ ਫੌਰਨ ਹੱਲ ਕੀਤੇ ਜਾਣ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ CRPF ਹੈੱਡ ਕੁਆਰਟਰ ਅਤੇ ਸੀਆਰਪੀਐੱਫ ਦੇ ਦੇਸ਼ ਭਰ ‘ਚ ਬਣੇ ਗਰੁੱਪ ਸੈਂਟਰਸ ਨਾਲ ਇਸ ਐਪ ਰਾਹੀਂ ਸਲਾਹ ਅਤੇ ਮਦਦ ਲਈ ਰਾਬਤਾ ਕਾਇਮ ਕਰ ਸਕਦੇ ਨੇ।
ਇਸ ਐਪ ਨਾਲ ਨਾ ਸਿਰਫ ਉਨ੍ਹਾਂ ਨੂੰ CRPF ਦੀ ਭਲਾਈ ਸਕੀਮਾਂ ਦੀ ਜਾਣਕਾਰੀ ਮਿਲੇਗੀ ਸਗੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਉਨ੍ਹਾਂ ਦੇ ਲਾਹੇ ਲਈ ਜਿਹੜੇ ਪ੍ਰੋਗਰਾਮ ਉਲੀਕੇ ਨੇ, ਉਸ ਦਾ ਵੀ ਪਤਾ ਲੱਗੇਗਾ।
ਇਸ ਐਪ ਨੂੰ ਇਸਤੇਮਾਲ ਕਰਨ ਲਈ ਸ਼ਹੀਦ CRPF ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਅਤੇ ਫਿਰ ਪਾਸਵਰਡ ਲੈਣਾ ਹੋਵੇਗਾ। ਇਸ ਨੂੰ ਪਾਸਵਰਡ ਨਾਲ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਸ਼ੌਰਿਆ ਦਿਹਾੜਾ CRPF ਦੇ ਜਵਾਨਾਂ ਦੀ ਵੀਰ ਗਾਥਾ ਨਾਲ ਜੁੜਿਆ ਪ੍ਰੋਗਰਾਮ ਹੈ। ਇਸੇ ਦਿਨ 1965 ‘ਚ ਸੀਆਰਪੀਐੱਫ ਦੀ ਦੂਜੀ ਬਟਾਲੀਅਨ ਦੀਆਂ ਚਾਰ ਕੰਪਨੀਆਂ ਨੇ ਗੁਜਰਾਤ ਦੇ ਕੱਛ ਇਲਾਕੇ ‘ਚ ਪਾਕਿਸਤਾਨ ਦੀ ਇਨਫੈਂਟਰੀ ਬ੍ਰਿਗੇਡ ਦੇ ਹਮਲੇ ਨੂੰ ਬੁਰੇ ਤਰੀਕੇ ਨਾਕਾਮ ਕਰ ਦਿੱਤਾ ਸੀ। ਫੌਜੀ ਜੰਗ ਦੇ ਇਤਿਹਾਸ ‘ਚ ਇਹ ਘਟਨਾ ਜੰਗੀ ਸਮਰਥਾ ਅਤੇ ਬਹਾਦੁਰੀ ਦੀ ਮਿਸਾਲ ਵੱਜੋਂ ਮਸ਼ਹੂਰ ਹੈ। ਉਦੋਂ ਤੋਂ ਇਸ ਦਿਨ ਨੂੰ ਸੀਆਰਪੀਐੱਫ ਸ਼ੌਰਿਆ ਦਿਹਾੜੇ ਵੱਜੋਂ ਮਨਾਉਂਦੀ ਹੈ