ਸੁੰਜਵਾਂ ‘ਚ ਫੌਜ ਦੀ ਅਗਨੀਵੀਰ ਭਰਤੀ ਰੈਲੀ ਲਈ ਨੌਜਵਾਨਾਂ ਨੇ ਵਹੀਰਾਂ ਘੱਤੀਆਂ

26
ਅਗਨੀਵੀਰ
ਅਗਨੀਵੀਰ ਭਰਤੀ

ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਭਾਰਤੀ ਫੌਜ ‘ਚ ਅਗਨੀਵੀਰ ਦੇ ਰੂਪ ‘ਚ ਭਰਤੀ ਹੋਣ ਲਈ ਸ਼ੁਰੂ ਕੀਤੀ ਗਈ ਭਰਤੀ ਰੈਲੀ ‘ਚ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚ ਰਹੇ ਹਨ। ਫੌਜ ਦੇ ਅਧਿਕਾਰੀ ਇਸ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇੱਥੇ ਆਉਣਾ ਅਣਕਿਆਸਿਆ ਮੰਨਦੇ ਹਨ। ਇਹ ਭਰਤੀ ਰੈਲੀ ਜੰਮੂ ਦੇ ਸੁੰਜਵਾਂ ਦੇ ਜ਼ੋਰਾਵਰ ਸਟੇਡੀਅਮ ਵਿੱਚ ਜੰਮੂ ਦੇ ਆਰਮੀ ਭਰਤੀ ਦਫ਼ਤਰ ਵੱਲੋਂ ਆਯੋਜਿਤ ਕੀਤੀ ਗਈ ਹੈ।

ਜੰਮੂ ਵਿੱਚ ਤਾਇਨਾਤ ਫੌਜ ਦੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਹ ਭਰਤੀ ਰੈਲੀ 22 ਅਕਤੂਬਰ ਤੱਕ ਚੱਲੇਗੀ। ਇਸ ਵਿੱਚ ਜੰਮੂ ਡਿਵੀਜ਼ਨ ਦੇ 10 ਜ਼ਿਲ੍ਹਿਆਂ ਦੇ ਨੌਜਵਾਨ ਭਰਤੀ ਲਈ ਆ ਸਕਦੇ ਹਨ। ਇਹ ਜ਼ਿਲ੍ਹੇ ਹਨ- ਸਾਂਬਾ, ਕਠੂਆ, ਜੰਮੂ, ਊਧਮਪੁਰ, ਰਾਜੌਰੀ, ਪੁੰਛ, ਰਿਆਸੀ, ਡੋਡਾ ਅਤੇ ਕਿਸ਼ਤਵਾੜ।

ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਦਾ ਕਹਿਣਾ ਹੈ ਕਿ ਫੌਜ ‘ਚ ਭਰਤੀ ਲਈ ਆਯੋਜਿਤ ਇਸ ਰੈਲੀ ਨੂੰ ਜੰਮੂ ਡਿਵੀਜ਼ਨ ਦੇ ਨੌਜਵਾਨਾਂ ਵੱਲੋਂ ਸ਼ਾਨਦਾਰ ਪਰ ਅਣਕਿਆਸਿਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਦੀ ਸਫ਼ਲਤਾ ਲਈ ਫ਼ੌਜ ਲਗਾਤਾਰ ਸਿਵਲ ਪ੍ਰਸ਼ਾਸਨ ਨਾਲ ਚੰਗੇ ਤਾਲਮੇਲ ਨਾਲ ਕੰਮ ਕਰ ਰਹੀ ਹੈ।

ਭਰਤੀ ਰੈਲੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਜ਼ੋਨਲ ਰਿਕਰੂਟਿੰਗ ਅਫਸਰਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਫੌਜ, ਸਿਵਲ ਪ੍ਰਸ਼ਾਸਨ, ਜੰਮੂ-ਕਸ਼ਮੀਰ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ। ਲੈਫਟੀਨੈਂਟ ਕਰਨਲ ਆਨੰਦ ਨੇ ਭਰਤੀ ਲਈ ਆਉਣ ਵਾਲੇ ਨੌਜਵਾਨਾਂ ਨੂੰ ਭਰਤੀ ਨੋਟੀਫਿਕੇਸ਼ਨ ਵਿੱਚ ਦਰਸਾਏ ਸਰਟੀਫਿਕੇਟ ਆਦਿ ਦਸਤਾਵੇਜ਼ ਲਿਆਉਣ ਲਈ ਕਿਹਾ ਹੈ। ਜੇਕਰ ਉਮੀਦਵਾਰ ਪੁਲਿਸ ਅਤੇ ਸਰਪੰਚ ਵੱਲੋਂ ਜਾਰੀ ਕੀਤਾ ਚਰਿੱਤਰ ਸਰਟੀਫਿਕੇਟ ਲੈ ਕੇ ਨਹੀਂ ਆਉਂਦੇ ਤਾਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।